ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਲਈ ਰਾਘਵ ਚੱਢਾ ਦਾ ਸਾਥ ਛੱਡਣਾ ਉਨ੍ਹਾਂ ਚਿੰਤਾਜਨਕ ਨਹੀਂ ਹੈ, ਜਿੰਨਾ ਸ਼ਾਂਤ ਅਤੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਸੰਦੀਪ ਪਾਠਕ ਦਾ ਪਾਰਟੀ ਤੋਂ ਕਿਨਾਰਾ ਕਰਨਾ। ਸਿਆਸੀ ਮਾਹਿਰਾਂ ਅਤੇ ਖ਼ੁਦ ‘ਆਪ’ ਦੇ ਅੰਦਰੂਨੀ ਹਲਕਿਆਂ ਵਿੱਚ ਇਹ ਚਰਚਾ ਆਮ ਹੈ ਕਿ ਰਾਘਵ ਚੱਢਾ ਭਾਜਪਾ ਲਈ ਸਿਰਫ਼ ‘ਚਮਕ-ਦਮਕ’ (ਗਲੈਮਰ) ਲਿਆ ਸਕਦੇ ਹਨ, ਪਰ ਸੰਦੀਪ ਪਾਠਕ ਉਹ ਸ਼ਖ਼ਸ ਹਨ ਜੋ ‘ਆਪ’ ਦੀ ਪੂਰੀ ਜਥੇਬੰਦਕ ਰਣਨੀਤੀ ਆਪਣੇ ਨਾਲ ਲੈ ਕੇ ਗਏ ਹਨ।
ਰਾਘਵ ਚੱਢਾ ਵੱਲੋਂ 63 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਫਿਲਹਾਲ ‘ਆਪ’ ਦੀ ਹਾਈਕਮਾਂਡ ਨੂੰ ਬਹੁਤਾ ਪਰੇਸ਼ਾਨ ਨਹੀਂ ਕਰ ਰਿਹਾ। ਪਾਰਟੀ ਦਾ ਮੰਨਣਾ ਹੈ ਕਿ ਇੰਨੇ ਵੱਡੇ ਪੱਧਰ ’ਤੇ ਦਲ-ਬਦਲੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਸਗੋਂ, ਚੱਢਾ ਦੇ ਇਸ ਦਾਅਵੇ ਨੇ ਵਿਧਾਇਕਾਂ ਦੀ ਸਥਿਤੀ ਮਜ਼ਬੂਤ ਕਰ ਦਿੱਤੀ ਹੈ। ਹੁਣ ਪਾਰਟੀ ਵਿਧਾਇਕਾਂ ਨੂੰ ਜੋੜੀ ਰੱਖਣ ਲਈ ਉਨ੍ਹਾਂ ’ਤੇ ਪਾਇਆ ਜਾਣ ਵਾਲਾ ‘ਵਾਲੰਟੀਅਰਾਂ ਅਤੇ ਹਲਕਾ ਇੰਚਾਰਜਾਂ’ ਦਾ ਦਬਾਅ ਘਟਾ ਸਕਦੀ ਹੈ, ਜਿਸ ਨਾਲ ਵਿਧਾਇਕਾਂ ਨੂੰ ਆਪਣੇ ਹਲਕਿਆਂ ਵਿੱਚ ਕੰਮ ਕਰਨ ਦੀ ਵਧੇਰੇ ਖੁੱਲ੍ਹ ਮਿਲ ਸਕਦੀ ਹੈ।
ਪਾਠਕ: ਭਾਜਪਾ ਲਈ ‘ਮਾਸਟਰਮਾਈਂਡ’
ਭਾਜਪਾ ਲਈ ਸੰਦੀਪ ਪਾਠਕ ਇਸ ਲਈ ‘ਕੀਮਤੀ’ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹਨ। ਸਾਲ 2022 ਦੀਆਂ ਚੋਣਾਂ ਦੌਰਾਨ ‘ਆਪ’ ਦੇ ਜਥੇਬੰਦਕ ਢਾਂਚੇ ਨੂੰ ਜ਼ੀਰੋ ਤੋਂ ਖੜ੍ਹਾ ਕਰਨ ਵਾਲੇ ਪਾਠਕ ਹੀ ਸਨ। ਉਹ ਪਾਰਟੀ ਦੀਆਂ ਉਨ੍ਹਾਂ ਨੀਂਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਜਿਨ੍ਹਾਂ ’ਤੇ ‘ਆਪ’ ਖੜ੍ਹੀ ਹੈ। ਹੁਣ ਭਾਜਪਾ ਉਨ੍ਹਾਂ ਦੀ ਵਰਤੋਂ ‘ਆਪ’ ਦੀ ਉਸੇ ਨੀਂਹ ਨੂੰ ਹਿਲਾਉਣ ਅਤੇ ਪਾਰਟੀ ਦੇ ਜਥੇਬੰਦਕ ਬਲਾਕਾਂ ਨੂੰ ਭਾਜਪਾ ਦੀ ਚੋਣ ਮੁਹਿੰਮ ਲਈ ਵਰਤਣ ਵਿੱਚ ਕਰੇਗੀ।
ਵਿਧਾਇਕਾਂ ਦੀ ਵੁੱਕਤ ਵਧਣ ਦੇ ਆਸਾਰ
ਆਪਣੇ ਵਿਧਾਇਕਾਂ ਨੂੰ ਭਾਜਪਾ ਦੀ ‘ਸੰਨ੍ਹ’ ਤੋਂ ਬਚਾਉਣ ਲਈ ਹੁਣ ‘ਆਪ’ ਲੀਡਰਸ਼ਿਪ ਨੂੰ ਆਪਣੀਆਂ ਪੁਰਾਣੀਆਂ ਯੋਜਨਾਵਾਂ ਵਿੱਚ ਬਦਲਾਅ ਕਰਨਾ ਪਵੇਗਾ। ਪਹਿਲਾਂ ਚਰਚਾ ਸੀ ਕਿ ਪਾਰਟੀ ਵੱਡੀ ਗਿਣਤੀ ਵਿੱਚ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਸਕਦੀ ਹੈ, ਪਰ ਹੁਣ ਬਗ਼ਾਵਤ ਦੇ ਡਰੋਂ ਪਾਰਟੀ ਨੂੰ ਇਨ੍ਹਾਂ ਵਿਧਾਇਕਾਂ ਪ੍ਰਤੀ ਨਰਮ ਰੁਖ਼ ਅਪਣਾਉਣਾ ਪਵੇਗਾ। ਕੁੱਲ ਮਿਲਾ ਕੇ, ਸੰਦੀਪ ਪਾਠਕ ਦਾ ਜਾਣਾ ‘ਆਪ’ ਲਈ ਸਿਰਫ਼ ਆਗੂ ਦਾ ਜਾਣਾ ਨਹੀਂ, ਸਗੋਂ ਆਪਣੇ ਪੂਰੇ ‘ਸਿਸਟਮ’ ਨੂੰ ਖ਼ਤਰੇ ਵਿੱਚ ਪਾਉਣ ਵਾਂਗ ਹੈ।

