ਮੁੰਬਈ: ਆਮ ਆਦਮੀ ਪਾਰਟੀ (ਆਪ) ਵਿੱਚ ਪਏ ਵੱਡੇ ਪਾੜੇ ਅਤੇ ਰਾਘਵ ਚੱਢਾ ਸਮੇਤ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡਣ ਦੀ ਘਟਨਾ ’ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਜੇਕਰ ਪਾਰਟੀ ਆਪਣੇ ਮੁੱਢਲੇ ‘ਸਹੀ ਰਾਹ’ ’ਤੇ ਚੱਲਦੀ ਹੁੰਦੀ, ਤਾਂ ਅੱਜ ਇਨ੍ਹਾਂ ਆਗੂਆਂ ਨੂੰ ਪਾਰਟੀ ਛੱਡਣ ਦੀ ਲੋੜ ਨਹੀਂ ਸੀ ਪੈਣੀ। ਮਹਾਰਾਸ਼ਟਰ ਦੇ ਅਹਿਲਿਆਨਗਰ ਜ਼ਿਲ੍ਹੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਜ਼ਾਰੇ ਨੇ ਕਿਹਾ, “ ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣੀ ਰਾਏ ਰੱਖਣ ਦਾ ਹੱਕ ਹੈ। ਚੱਢਾ ਅਤੇ ਹੋਰਨਾਂ ਸਾਂਸਦਾਂ ਨੂੰ ਪਾਰਟੀ ਦੇ ਅੰਦਰ ਜ਼ਰੂਰ ਕਿਸੇ ਵੱਡੀ ਮੁਸ਼ਕਲ ਜਾਂ ਖਿੱਚੋਤਾਣ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।”
ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ‘ਆਪ’ ਦੀ ਲੀਡਰਸ਼ਿਪ ਦੀ ਗਲਤੀ ਹੈ ਕਿ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਨਾਕਾਮ ਰਹੀ ਹੈ। ਅੰਨਾ ਹਜ਼ਾਰੇ ਨੇ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਾਰਟੀ ਦੀ ਦਿਸ਼ਾ ਭਟਕ ਚੁੱਕੀ ਹੈ। ਉਨ੍ਹਾਂ ਕਿਹਾ, “ ਜੇਕਰ ਪਾਰਟੀ ਸਹੀ ਦਿਸ਼ਾ ਵਿੱਚ ਜਾ ਰਹੀ ਹੁੰਦੀ, ਤਾਂ ਇਹ ਨੌਬਤ ਕਦੇ ਨਾ ਆਉਂਦੀ। ਲੋਕਤੰਤਰ ਵਿੱਚ ਹਰ ਵਿਅਕਤੀ ਇਹ ਤੈਅ ਕਰਨ ਲਈ ਆਜ਼ਾਦ ਹੈ ਕਿ ਉਸ ਨੇ ਕਿੱਥੇ ਰਹਿਣਾ ਹੈ ਅਤੇ ਕਿੱਥੋਂ ਜਾਣਾ ਹੈ।” ਜ਼ਿਕਰਯੋਗ ਹੈ ਕਿ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੇ ਦਿੱਲੀ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਚੱਢਾ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਦੋ-ਤਿਹਾਈ ਰਾਜ ਸਭਾ ਮੈਂਬਰਾਂ ਨੇ ਸਾਥ ਛੱਡ ਦਿੱਤਾ ਹੈ ਅਤੇ ਉਹ ਹੁਣ ਇੱਕ ਵੱਖਰੇ ਧੜੇ ਵਜੋਂ ਕੰਮ ਕਰਨਗੇ। ਸਾਲ 2012 ਵਿੱਚ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਕੁੱਖੋਂ ਜਨਮੀ ਇਸ ਪਾਰਟੀ ਲਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਸੰਕਟ ਮੰਨਿਆ ਜਾ ਰਿਹਾ ਹੈ।

