ਕੋਲਕਾਤਾ/ਚੇਨੱਈ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ 294 ’ਚੋਂ 152 ਸੀਟਾਂ ਅਤੇ ਤਾਮਿਲ ਨਾਡੂ ਵਿਧਾਨ ਸਭਾ ਦੀਆਂ ਸਾਰੀਆਂ 234 ਸੀਟਾਂ ਲਈ ਅੱਜ ਰਿਕਾਰਡ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਅਨੁਸਾਰ ਪੱਛਮੀ ਬੰਗਾਲ ’ਚ 91.78 ਫ਼ੀਸਦ ਅਤੇ ਤਾਮਿਲ ਨਾਡੂ ’ਚ 85.05 ਫ਼ੀਸਦ ਵੋਟਿੰਗ ਹੋਈ ਹੈ। ਦੋਵਾਂ ਸੂਬਿਆਂ ਦੇ ਚੋਣ ਇਤਿਹਾਸ ’ਚ ਇਸ ਸਭ ਤੋਂ ਵੱਡਾ ਮੱਤਦਾਨ ਹੈ। ਪੱਛਮੀ ਬੰਗਾਲ ’ਚ ਅੱਜ ਵੋਟਾਂ ਦੇ ਅਮਲ ਦੌਰਾਨ ਕਈ ਥਾਈਂ ਹਿੰਸਕ ਘਟਨਾਵਾਂ ਵੀ ਵਾਪਰੀਆਂ ਹਨ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਪੱਛਮੀ ਬੰਗਾਲ ’ਚ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਅੱਜ 91.78 ਫ਼ੀਸਦ ਵੋਟਾਂ ਪੋਲ ਹੋਈਆਂ ਹਨ ਜੋ ਆਜ਼ਾਦੀ ਮਗਰੋਂ ਸੂਬੇ ’ਚ ਹੋਈ ਸਭ ਤੋਂ ਵੱਧ ਵੋਟਿੰਗ ਹੈ। ਚੋਣ ਕਮਿਸ਼ਨ ਅਨੁਸਾਰ ਮੁਰਸ਼ਿਦਾਬਾਦ, ਬਾਂਕੁਰਾ, ਕੂਚ ਬਿਹਾਰ, ਮਾਲਦਾ, ਝਾੜਗ੍ਰਾਮ ਤੇ ਪੱਛਮੀ ਮੇਦਨੀਪੁਰ ’ਚ 90 ਫ਼ੀਸਦ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਅਨੁਸਾਰ ਸ਼ਾਮ ਪੰਜ ਵਜੇ ਤੱਕ 90 ਫ਼ੀਸਦ ਦੇ ਕਰੀਬ ਵੋਟਾਂ ਪੈ ਚੁੱਕੀਆਂ ਸਨ। ਉਨ੍ਹਾਂ ਵੋਟ ਪ੍ਰਤੀਸ਼ਤ 95 ਫ਼ੀਸਦ ਤੋਂ ਵੱਧ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।
ਉੱਧਰ, ਬੀਰਭੂਮ ਦੇ ਖਰੀਸੋਲ ਵਿੱਚ ਸਥਾਨਕ ਲੋਕਾਂ ਤੇ ਸੁਰੱਖਿਆ ਕਰਮੀਆਂ ਵਿਚਕਾਰ ਝੜਪਾਂ ਹੋਈਆਂ ਹਨ। ਇਸ ਤੋਂ ਪਹਿਲਾਂ ਦੱਖਣੀ ਦੀਨਾਜਪੁਰ ਜ਼ਿਲ੍ਹੇ ਦੇ ਕੁਮਾਰਗੰਜ ਵਿੱਚ ਭਾਜਪਾ ਉਮੀਦਵਾਰ ਸ਼ੁਵੇਂਦੂ ਸਰਕਾਰ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ ਅਤੇ ਆਸਨਸੋਲ ਦੱਖਣੀ ਵਿੱਚ ਰਹਿਮਤ ਨਗਰ ਨੇੜੇ ਭਾਜਪਾ ਵਿਧਾਇਕਾ ਅਗਨੀਮਿੱਤਰਾ ਪਾਲ ਦੀ ਕਾਰ ’ਤੇ ਹਮਲਾ ਹੋਇਆ। ਨੌਦਾ ਵਿੱਚ ਏ ਜੇ ਯੂ ਪੀ ਆਗੂ ਹੁਮਾਯੂੰ ਕਬੀਰ ਦੇ ਕਾਫ਼ਲੇ ’ਤੇ ਵੀ ਕਥਿਤ ਤੌਰ ’ਤੇ ਪੱਥਰ ਸੁੱਟੇ ਗਏ।
ਦੂਜੇ ਪਾਸੇ, ਤਾਮਿਲ ਨਾਡੂ ਨੇ ਅੱਜ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪਾਉਣ ਦੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਸੂਬੇ ਦੀਆਂ 234 ਸੀਟਾਂ ਲਈ 84 ਫ਼ੀਸਦ ਤੋਂ ਵੱਧ ਲੋਕਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸ਼ਾਮ 6 ਵਜੇ ਤੱਕ ਰਾਜ ਵਿੱਚ 84.29 ਫ਼ੀਸਦ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਰਾਜ ਵਿੱਚ ਸਭ ਤੋਂ ਵੱਧ 78.29 ਫ਼ੀਸਦ ਵੋਟਾਂ 2011 ’ਚ ਪਈਆਂ ਸਨ। ਚੋਣ ਕਮਿਸ਼ਨ ਅਨੁਸਾਰ ਕਰੂਰ ਜ਼ਿਲ੍ਹਾ 91.86 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਅੱਗੇ ਰਿਹਾ। ਚੇਨੱਈ ਵਿੱਚ 83.09 ਫ਼ੀਸਦ, ਮਦੁਰਾਈ ਵਿੱਚ 80.15 ਫ਼ੀਸਦ, ਕੋਇੰਬਟੂਰ ਵਿੱਚ 84.40 ਫ਼ੀਸਦ ਅਤੇ ਤਿਰੂਚਿਰਾਪੱਲੀ ਜ਼ਿਲ੍ਹੇ ਵਿੱਚ 85.04 ਫ਼ੀਸਦ ਵੋਟਿੰਗ ਹੋਈ ਹੈ। ਚੋਣ ਨਤੀਜੇ 4 ਮਈ ਐਲਾਨੇ ਜਾਣਗੇ।
ਵੋਟਿੰਗ ’ਚ ਇਹ ਅਸਾਧਾਰਨ ਉਛਾਲ ਨਹੀਂ: ਡੀ ਐੱਮ ਕੇ
ਚੇਨੱਈ: ਡੀ ਐੱਮ ਕੇ ਨੇ ਚੋਣਾਂ ’ਚ ਵੋਟਿੰਗ ਫ਼ੀਸਦ ਵਿੱਚ ਕਿਸੇ ਵੀ ਤਰ੍ਹਾਂ ਦੇ ਅਸਾਧਾਰਨ ਉਛਾਲ ਦੀਆਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ ਹੈ। ਪਾਰਟੀ ਨੇ ਇਨ੍ਹਾਂ ਰੁਝਾਨਾਂ ਨੂੰ ਵੋਟਰ ਸੂਚੀਆਂ ਵਿੱਚੋਂ ਮ੍ਰਿਤਕ ਅਤੇ ਦੂਜੀ ਥਾਂ ਚਲੇ ਗਏ ਵੋਟਰਾਂ ਦੇ ਨਾਮ ਹਟਾਏ ਜਾਣ ਤੋਂ ਬਾਅਦ ਵੋਟਰਾਂ ਦਾ ‘ਸਹੀ ਪ੍ਰਤੀਬਿੰਬ’ ਕਰਾਰ ਦਿੱਤਾ ਹੈ। ਡੀ ਐੱਮ ਕੇ ਦੇ ਤਰਜਮਾਨ ਸਰਵਨ ਅੰਨਾਦੁਰਾਈ ਨੇ ਕਿਹਾ, ‘‘ਸਥਾਪਤ ਇਤਿਹਾਸਕ ਰੁਝਾਨਾਂ ਅਨੁਸਾਰ, ਪਾਰਟੀ ਨੂੰ ਆਸ ਹੈ ਕਿ ਇਸ ਚੋਣ ਚੱਕਰ ਵਿੱਚ ਪੈਣ ਵਾਲੀਆਂ ਕੁੱਲ ਵੋਟਾਂ ਦੀ ਗਿਣਤੀ ਲਗਪਗ ਪੰਜ ਕਰੋੜ ਤੱਕ ਪਹੁੰਚ ਜਾਵੇਗੀ।’’ ਅੰਨਾਦੁਰਾਈ ਨੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਸੂਬੇ ਦੀ ਵੋਟਿੰਗ ਆਬਾਦੀ ’ਚ ਲਗਾਤਾਰ ਹੋ ਰਹੇ ਇਤਿਹਾਸਕ ਵਾਧੇ ਦਾ ਹਵਾਲਾ ਦਿੱਤਾ।
ਵੱਧ ਵੋਟਿੰਗ ਮਮਤਾ ਦੇ ਸਮਰਥਨ ਦਾ ਸੰਕੇਤ: ਟੀ ਐੱਮ ਸੀ
ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਦਾਅਵੇ ’ਤੇ ਪਲਟਵਾਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਹੋਈ ਭਾਰੀ ਵੋਟਿੰਗ ਤਬਦੀਲੀ ਲਈ ਵੱਡੇ ਫ਼ਤਵੇ ਦਾ ਸੰਕੇਤ ਹੈ। ਟੀ ਐੱਮ ਸੀ ਨੇ ਦਾਅਵਾ ਕੀਤਾ ਕਿ ਇਹ ਵੋਟਿੰਗ ਦਰਅਸਲ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਸਰਕਾਰ ਦੇ ਵਿਕਾਸ ਏਜੰਡੇ ਲਈ ਮਜ਼ਬੂਤ ਹਮਾਇਤ ਨੂੰ ਦਰਸਾਉਂਦੀ ਹੈ। ਟੀ ਐੱਮ ਸੀ ਦੇ ਤਰਜਮਾਨ ਕੁਨਾਲ ਘੋਸ਼ ਨੇ ਕਿਹਾ ਕਿ ਵੋਟਿੰਗ ਫ਼ੀਸਦ ’ਚ ਆਇਆ ਉਛਾਲ ਫ਼ੈਸਲਾਕੁਨ ਤੌਰ ’ਤੇ ਹਾਕਮ ਪਾਰਟੀ ਦੇ ਪੱਖ ਵਿੱਚ ਗਿਆ ਹੈ ਅਤੇ ਇਹ ਭਾਜਪਾ ਨੂੰ ਸਪੱਸ਼ਟ ਰੂਪ ਵਿੱਚ ਨਕਾਰਨ ਦਾ ਇਸ਼ਾਰਾ ਹੈ।
ਵੋਟਿੰਗ ਉਛਾਲ ਦਾ ਸਿਹਰਾ ਐੱਸ ਆਈ ਆਰ ਸਿਰ: ਭਾਜਪਾ
ਚੇਨੱਈ: ਵੋਟਿੰਗ ਫ਼ੀਸਦ ਵਿੱਚ ਹੋਏ ਵਾਧੇ ਦਾ ਸਿਹਰਾ ਚੋਣ ਕਮਿਸ਼ਨ ਦੇ ਸੁਧਾਰਾਂ ਨੂੰ ਦਿੰਦਿਆਂ ਭਾਜਪਾ ਆਗੂ ਨਾਰਾਇਣਨ ਤਿਰੂਪਤੀ ਨੇ ਕਿਹਾ ਕਿ ਪੂਰੇ ਤਾਮਿਲ ਨਾਡੂ ਵਿੱਚ ਹੋਈ ਭਾਰੀ ਵੋਟਿੰਗ ਮਜ਼ਬੂਤ ਲੋਕਤੰਤਰੀ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਇਹ ਐੱਨ ਡੀ ਏ ਦੀ ਜਿੱਤ ਦਾ ਭਰੋਸੇਮੰਦ ਰਸਤਾ ਹੈ। ਤਿਰੂਪਤੀ ਨੇ ਪੀ ਟੀ ਆਈ ਵੀਡੀਓਜ਼ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਸ ਦਾ ਪੂਰਾ ਸਿਹਰਾ ਵਿਸ਼ੇਸ਼ ਵਿਆਪਕ ਸੁਧਾਈ ਨੂੰ ਜਾਂਦਾ ਹੈ। ਭਾਰਤੀ ਚੋਣ ਕਮਿਸ਼ਨ ਨੂੰ ਸ਼ਾਬਾਸ਼। ਅਸੀਂ ਬਿਹਾਰ, ਅਸਾਮ, ਪੱਛਮੀ ਬੰਗਾਲ, ਕੇਰਲਾ ਅਤੇ ਹੁਣ ਪੁਡੂਚੇਰੀ ਤੇ ਤਾਮਿਲ ਨਾਡੂ ਵਿੱਚ ਵੀ ਇਹ ਦੇਖਿਆ ਹੈ। ਇਸ ਲਈ, ਇਸ ਦਾ ਸਾਰਾ ਸਿਹਰਾ ਚੋਣ ਕਮਿਸ਼ਨ ਨੂੰ ਜਾਂਦਾ ਹੈ।’’
ਦੋ ਜ਼ਿਮਨੀ ਸੀਟਾਂ ’ਤੇ ਮੱਤਦਾਨ 60 ਫ਼ੀਸਦ ਤੋਂ ਘੱਟ
ਮੁੰਬਈ: ਮਹਾਰਾਸ਼ਟਰ ਦੇ ਬਾਰਾਮਤੀ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਲਈ ਸ਼ਾਮੀਂ 6 ਵਜੇ ਤੱਕ 58.27 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਇਸ ਸੀਟ ਤੋਂ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ ਚੋਣ ਲੜ ਰਹੀ ਹੈ। ਰਾਹੂਰੀ ਅਸੈਂਬਲੀ ਹਲਕੇ ਲਈ 56.20 ਫੀਸਦ ਪੋਲਿੰਗ ਦਾ ਅਨੁਮਾਨ ਹੈ। ਐੱਨ ਸੀ ਪੀ ਆਗੂ ਤੇ ਤਤਕਾਲੀ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਜਨਵਰੀ ’ਚ ਜਹਾਜ਼ ਹਾਦਸੇ ’ਚ ਮੌਤ ਮਗਰੋਂ ਬਾਰਾਮਤੀ ਸੀਟ ’ਤੇ ਚੋਣ ਦੀ ਲੋੜ ਪਈ ਸੀ।

