ਗੁਰੂਗ੍ਰਾਮ: ਗੁਰੂਗ੍ਰਾਮ ਦੇ ਬ੍ਰਿਸਟਲ ਚੌਕ ਨੇੜੇ ਬੀਤੀ ਦੇਰ ਰਾਤ ਇੱਕ ਨੌਜਵਾਨ ਵੱਲੋਂ ਮੁਟਿਆਰ ਦੀ ਸ਼ਰੇਆਮ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਨੌਜਵਾਨ ਕੁੜੀ ਦੇ ਵਾਲ ਪੁੱਟਦਾ ਅਤੇ ਉਸ ਨੂੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਭੀੜ-ਭੜੱਕੇ ਵਾਲੀ ਥਾਂ ’ਤੇ ਵਾਪਰੀ ਇਸ ਘਟਨਾ ਦੌਰਾਨ ਰਾਹਗੀਰ ਮਦਦ ਕਰਨ ਦੀ ਬਜਾਏ ਮੂਕ ਦਰਸ਼ਕ ਬਣ ਕੇ ਵੀਡੀਓ ਬਣਾਉਂਦੇ ਰਹੇ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਨੌਜਵਾਨ ਅਤੇ ਮੁਟਿਆਰ ਵਿਚਾਲੇ ਤਿੱਖੀ ਬਹਿਸ ਹੋ ਰਹੀ ਹੈ, ਜੋ ਜਲਦੀ ਹੀ ਹੱਥੋਪਾਈ ਵਿੱਚ ਬਦਲ ਗਈ। ਨੌਜਵਾਨ ਨੇ ਮੁਟਿਆਰ ਨੂੰ ਕਈ ਥੱਪੜ ਮਾਰੇ, ਜਦੋਂਕਿ ਮੁਟਿਆਰ ਨੇ ਵੀ ਆਪਣਾ ਬਚਾਅ ਕਰਦਿਆਂ ਵਿਰੋਧ ਜਤਾਇਆ। ਇਸ ਖਿੱਚ-ਧੂਹ ਦੌਰਾਨ ਦੋਵਾਂ ਨੇ ਇੱਕ-ਦੂਜੇ ਨੂੰ ਭਾਰੀ ਗਾਲੀ-ਗਲੋਚ ਵੀ ਕੀਤੀ। ਹੰਗਾਮਾ ਇੰਨਾ ਵਧ ਗਿਆ ਕਿ ਕੁੜੀ ਨੇ ਨੌਜਵਾਨ ਦੀ ਟੀ-ਸ਼ਰਟ ਤੱਕ ਪਾੜ ਦਿੱਤੀ। ਸੋਸ਼ਲ ਮੀਡੀਆ ’ਤੇ ਲੋਕਾਂ ਨੇ ਹਰਿਆਣਾ ਪੁਲੀਸ ਨੂੰ ਟੈਗ ਕਰਕੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਟੀਮ ਰਾਹੀਂ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਧਿਰ ਵੱਲੋਂ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਪੁਲੀਸ ਹੁਣ ਵੀਡੀਓ ਦੇ ਆਧਾਰ ’ਤੇ ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਵੇਲੇ ਵੀਡੀਓ ਬਣਾਉਣ ਦੀ ਬਜਾਏ ਪੁਲੀਸ ਨੂੰ ਸੂਚਿਤ ਕੀਤਾ ਜਾਵੇ।
