ਘਾਟੇ ਦੀ ਮਾਰ: ਫ਼ਸਲੀ ਖਰੀਦ ਤੋਂ ਹੱਥ ਘੁੱਟਣ ਲੱਗੇ ਵਪਾਰੀ

ਘਾਟੇ ਦੀ ਮਾਰ: ਫ਼ਸਲੀ ਖਰੀਦ ਤੋਂ ਹੱਥ ਘੁੱਟਣ ਲੱਗੇ ਵਪਾਰੀ

ਚੰਡੀਗਡ਼੍ਹ: ਪੰਜਾਬ ਵਿੱਚ ਪ੍ਰਾਈਵੇਟ ਵਪਾਰੀ ਕਣਕ ਦੀ ਖਰੀਦ ਹੱਥ ਘੁੱਟ ਕੇ ਕਰ ਰਹੇ ਹਨ ਜਦੋਂ ਕਿ ਪਿਛਲੇ ਸਾਲ ਪ੍ਰਾਈਵੇਟ ਖਰੀਦ ਨੇ ਨਵਾਂ ਰਿਕਾਰਡ ਕਾਇਮ ਕੀਤਾ ਸੀ। ਪਿਛਲੇ ਸਾਲ ਦੇ ਘਾਟੇ ਦੇ ਝੰਬੇ ਵਪਾਰੀਆਂ ਨੇ ਐਤਕੀਂ ਕਣਕ ਦੀ ਖਰੀਦ ਤੋਂ ਮੂੰਹ ਫੇਰ ਲਿਆ ਹੈ। ਪੰਜਾਬ ’ਚ ਹੁਣ ਤੱਕ ਕਣਕ ਦੀ ਕੁੱਲ ਖਰੀਦ 67.34 ਲੱਖ ਟਨ ਹੋਈ ਹੈ, ਜਿਸ ’ਚੋਂ ਪ੍ਰਾਈਵੇਟ ਵਪਾਰੀਆਂ ਨੇ ਸਿਰਫ਼ 15340.65 ਟਨ ਕਣਕ ਹੀ ਖਰੀਦੀ ਹੈ। ਪਿਛਲੇ ਸਾਲ ਵਪਾਰੀਆਂ ਨੇ ਪੰਜਾਬ ’ਚੋਂ 10.80 ਲੱਖ ਟਨ ਕਣਕ ਖਰੀਦੀ ਸੀ ਜੋ ਪਿਛਲੇ ਕਾਫ਼ੀ ਵਰ੍ਹਿਆਂ ਦਾ ਸਿਖਰ ਸੀ।

ਮਿਲੇ ਵੇਰਵਿਆਂ ਅਨੁਸਾਰ ਪੰਜਾਬ ਦੇ ਵਪਾਰੀ ਕਰੀਬ ਇੱਕ ਮਹੀਨੇ ਤੋਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚੋਂ ਕਣਕ ਖਰੀਦ ਰਹੇ ਹਨ, ਕਿਉਂਕਿ ਉਨ੍ਹਾਂ ਸੂਬਿਆਂ ’ਚ ਵਪਾਰੀਆਂ ਨੂੰ 2550 ਰੁਪਏ ਪ੍ਰਤੀ ਕੁਇੰਟਲ (ਸਣੇ ਖਰਚਿਆਂ ਦੇ) ਕਣਕ ਪੈ ਰਹੀ ਹੈ ਜਦੋਂ ਕਿ ਪੰਜਾਬ ’ਚ ਇਹ ਲਾਗਤ 2700 ਰੁਪਏ ਪ੍ਰਤੀ ਕੁਇੰਟਲ ਤੱਕ ਹੈ। ਦੇਖਿਆ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਈਵੇਟ ਖਰੀਦ ਮਾਮੂਲੀ ਜਾਪਦੀ ਹੈ। ਸੂਬੇ ਵਿੱਚ ਆਟਾ ਮਿੱਲਾਂ ਅਤੇ ਆਟਾ ਚੱਕੀਆਂ ਦੀ ਖ਼ਪਤ ਕਰੀਬ 15 ਤੋਂ 18 ਲੱਖ ਟਨ ਸਾਲਾਨਾ ਹੈ। ਸਾਲ 2024 ਵਿੱਚ ਵਪਾਰੀਆਂ ਨੇ ਕਣਕ ਦੀ ਖਰੀਦ ’ਚੋਂ 700 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਮੁਨਾਫ਼ਾ ਕਮਾਇਆ ਸੀ, ਜਿਸ ਕਰ ਕੇ ਵਪਾਰੀਆਂ ਨੇ ਪਿਛਲੇ ਸਾਲ ਮੁਨਾਫ਼ੇ ਦੀ ਝਾਕ ਵਿੱਚ ਕਣਕ ਦੀ ਵੱਧ ਖਰੀਦ ਕੀਤੀ ਸੀ। ਯੂਕਰੇਨ ਜੰਗ ਕਾਰਨ ਵਪਾਰੀਆਂ ਨੂੰ ਆਸ ਸੀ ਕਿ ਕਣਕ ਦੇ ਭਾਅ ਵਧਣਗੇ ਪਰ ਅਜਿਹਾ ਨਹੀਂ ਹੋਇਆ। ਮੌੜ ਮੰਡੀ ਦੇ ਬੀਜ ਵਿਕਰੇਤਾ ਪਰਗਟ ਮੌੜ ਦਾ ਕਹਿਣਾ ਸੀ ਕਿ ਪਿਛਲੇ ਸਾਲ ਬਾਜ਼ਾਰ ’ਚ ਕਣਕ ਦੇ ਭਾਅ ਡਿੱਗ ਗਏ, ਜਿਸ ਕਰ ਕੇ ਵਪਾਰੀਆਂ ਨੂੰ ਭਾਰੀ ਘਾਟੇ ਪੈ ਗਏ ਅਤੇ ਇਸੇ ਡਰ ’ਚ ਐਤਕੀਂ ਵਪਾਰੀ ਕਣਕ ਦੀ ਖੁੱਲ੍ਹ ਕੇ ਖਰੀਦ ਨਹੀਂ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਰਾਜਸਥਾਨ ’ਚ ਸੂਬਾ ਸਰਕਾਰ ਨੇ ਕਣਕ ਦੀ ਫ਼ਸਲ ’ਤੇ 150 ਰੁਪਏ ਪ੍ਰਤੀ ਕੁਇੰਟਲ ਅਤੇ ਮੱਧ ਪ੍ਰਦੇਸ਼ ਸਰਕਾਰ ਨੇ 175 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਸੀ, ਜਿਸ ਕਰ ਕੇ ਵਪਾਰੀਆਂ ਨੂੰ ਪੰਜਾਬ ਦੀ ਕਣਕ ਸਸਤੀ ਪਈ ਸੀ। ਪਿਛਲੇ ਵਰ੍ਹਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2025-26 ’ਚ ਵਪਾਰੀਆਂ ਨੇ 10.80 ਲੱਖ ਟਨ, ਸਾਲ 2024-25 ਵਿੱਚ 7.56 ਲੱਖ ਟਨ, ਸਾਲ 2023-24 ’ਚ 4.64 ਲੱਖ ਟਨ, ਸਾਲ 2022-23 ’ਚ 6.17 ਲੱਖ ਟਨ ਅਤੇ ਸਾਲ 2021-22 ਵਿੱਚ ਛੇ ਹਜ਼ਾਰ ਟਨ ਕਣਕ ਖਰੀਦੀ ਸੀ। ਐਤਕੀਂ ਪੰਜਾਬ ਸਰਕਾਰ ਨੇ 122 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਹੈ। ਕਣਕ ਦਾ ਝਾੜ ਘਟਣ ਦੀਆਂ ਖ਼ਬਰਾਂ ਹਨ ਜਿਸ ਕਰ ਕੇ ਟੀਚੇ ਪ੍ਰਭਾਵਿਤ ਹੋ ਸਕਦੇ ਹਨ।

ਪੰਜਾਬ ਰੋਲਰ ਆਟਾ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਦਾ ਕਹਿਣਾ ਸੀ ਕਿ ਵਪਾਰੀਆਂ ਨੇ ਦੂਜੇ ਸੂਬਿਆਂ ’ਚ ਕਣਕ ਸਸਤੀ ਪੈਣ ਕਰ ਕੇ ਕਰੀਬ ਇੱਕ ਮਹੀਨੇ ਤੋਂ ਖਰੀਦ ਸ਼ੁਰੂ ਕੀਤੀ ਸੀ ਪ੍ਰੰਤੂ ਹੁਣ ਜਦੋਂ ਕਣਕ ਦੀ ਪੈਦਾਵਾਰ ਘਟਣ ਦਾ ਖ਼ਦਸ਼ਾ ਹੈ ਤਾਂ ਦੂਜੇ ਸੂਬਿਆਂ ’ਚ ਵੀ ਰੇਟ ਵਧ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਘਾਟੇ ਪੈਣ ਕਰ ਕੇ ਵੀ ਵਪਾਰੀਆਂ ਨੇ ਮੂੰਹ ਫੇਰਿਆ ਹੈ। ਸ਼੍ਰੀ ਘਈ ਦਾ ਕਹਿਣਾ ਸੀ ਕਿ ਹੁਣ ਵਪਾਰੀ ਪੰਜਾਬ ’ਚੋਂ ਕਣਕ ਖਰੀਦੇਗਾ ਜਾਂ ਫਿਰ ਓਪਨ ਮਾਰਕੀਟ ਸੇਲ ਸਕੀਮ ’ਚੋਂ ਕਣਕ ਲਵੇਗਾ।

ਕਣਕ ਦੀ ਪ੍ਰਾਈਵੇਟ ਖਰੀਦ ’ਤੇ ਇੱਕ ਝਾਤ (ਟਨਾਂ ’ਚ)

ਸਾਲ ਪ੍ਰਾਈਵੇਟ ਖਰੀਦ ਕੁੱਲ ਖਰੀਦ

2025-26 10.80 ਲੱਖ 129.99 ਲੱਖ

2024-25 7.56 ਲੱਖ 132.13 ਲੱਖ

2023-24 4.64 ਲੱਖ 125.76 ਲੱਖ

2022-23 6.17 ਲੱਖ 102.61 ਲੱਖ

2021-22 6000 132.29 ਲੱਖ

Share: