ਦੱਖਣੀ ਲੈਬਨਾਨ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੀ ਰਿਪੋਰਟਿੰਗ ਕਰ ਰਹੀ ਲੈਬਨਾਨੀ ਪੱਤਰਕਾਰ ਅਮਲ ਖਲੀਲ ਦੀ ਇੱਕ ਇਜ਼ਰਾਈਲੀ ਹਵਾਈ ਹਮਲੇ ਵਿੱਚ ਮੌਤ ਹੋ ਗਈ ਹੈ। ਅਮਲ ਖਲੀਲ ‘ਅਲ-ਅਖਬਾਰ’ ਲਈ ਕੰਮ ਕਰਦੀ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਇੱਕ ਹਮਲੇ ਤੋਂ ਬਚਣ ਲਈ ਦੱਖਣੀ ਪਿੰਡ ਅਲ-ਤੀਰੀ ਦੇ ਇੱਕ ਘਰ ਵਿੱਚ ਪਨਾਹ ਲਈ ਬੈਠੀ ਸੀ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਉਸ ਦੀ ਦੇਹ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਲੈਬਨਾਨ ਦੇ ਸੂਚਨਾ ਮੰਤਰੀ ਨੇ ਇਸ ਘਟਨਾ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਾਰ ਦਿੱਤਾ ਹੈ।
ਰਿਪੋਰਟ ਮੁਤਾਬਕ ਅਮਲ ਖਲੀਲ ਆਪਣੇ ਸਾਥੀਆਂ ਨਾਲ ਸਫ਼ਰ ਕਰ ਰਹੀ ਸੀ ਜਦੋਂ ਪਹਿਲੇ ਹਮਲੇ ਤੋਂ ਬਚਣ ਲਈ ਉਹ ਇੱਕ ਘਰ ਵਿੱਚ ਰੁਕੀ ਪਰ ਦੂਜੇ ਇਜ਼ਰਾਈਲੀ ਹਮਲੇ ਨੇ ਉਸੇ ਘਰ ਨੂੰ ਨਿਸ਼ਾਨਾ ਬਣਾਇਆ। ਲੈਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲੀ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਬਚਾਅ ਟੀਮਾਂ ਨੂੰ ਕਈ ਘੰਟਿਆਂ ਤੱਕ ਘਟਨਾ ਸਥਾਨ ਤੱਕ ਪਹੁੰਚਣ ਤੋਂ ਰੋਕਿਆ ਗਿਆ। ਇਹ ਸੰਘਰਸ਼ ਉਸ ਸਮੇਂ ਹੋਰ ਤੇਜ਼ ਹੋ ਗਿਆ ਹੈ ਜਦੋਂ ਅਮਰੀਕਾ-ਇਜ਼ਰਾਈਲ ਦੀ ਇਰਾਨ ਨਾਲ ਜੰਗ ਦਾ ਪ੍ਰਛਾਵਾਂ ਹੋਰ ਖੇਤਰਾਂ ‘ਤੇ ਪੈ ਰਿਹਾ ਹੈ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (CPJ) ਨੇ ਚਿਤਾਵਨੀ ਦਿੱਤੀ ਹੈ ਕਿ ਬਚਾਅ ਕਾਰਜਾਂ ਵਿੱਚ ਰੁਕਾਵਟ ਪਾਉਣਾ ਯੁੱਧ ਅਪਰਾਧ ਦੇ ਬਰਾਬਰ ਹੋ ਸਕਦਾ ਹੈ।

