ਅਬੋਹਰ: ਗੋਬਿੰਦਗੜ੍ਹ ਰੋਡ ’ਤੇ ਬੀਤੀ ਸ਼ਾਮ ਕਣਕ ਦੀ ਤੂੜੀ ਦੀਆਂ ਗੰਢਾਂ ਨਾਲ ਲੱਦੀ ਇੱਕ ਓਵਰਲੋਡ ਟਰੈਕਟਰ-ਟਰਾਲੀ ਨੂੰ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਓਵਰਲੋਡ ਟਰਾਲੀ ਸੜਕ ਦੇ ਉੱਪਰੋਂ ਲੰਘ ਰਹੀਆਂ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਗਨੀਮਤ ਰਹੀ ਕਿ ਮੌਕੇ ’ਤੇ ਮੌਜੂਦ ਲੋਕਾਂ ਦੀ ਮੁਸਤੈਦੀ ਸਦਕਾ ਡਰਾਈਵਰ ਦੀ ਜਾਨ ਬਚ ਗਈ, ਪਰ ਤੂੜੀ ਦਾ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ, ਪਿੰਡ ਵਰੀਆਮਖੇੜਾ ਦਾ ਰਹਿਣ ਵਾਲਾ ਡਰਾਈਵਰ ਦੇਵੀ ਲਾਲ ਗੋਬਿੰਦਗੜ੍ਹ ਤੋਂ ਤੂੜੀ ਦੀਆਂ ਗੰਢਾਂ ਲੱਦ ਕੇ ਲਿੰਕ ਰੋਡ ਰਾਹੀਂ ਅਬੋਹਰ ਵੱਲ ਆ ਰਿਹਾ ਸੀ। ਜਿਵੇਂ ਹੀ ਟਰਾਲੀ ਮੁੱਖ ਸੜਕ ’ਤੇ ਚੜ੍ਹਨ ਲੱਗੀ, ਉੱਪਰੋਂ ਲੰਘਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਤੂੜੀ ਨਾਲ ਖਹਿ ਗਈਆਂ, ਜਿਸ ਕਾਰਨ ਨਿਕਲੀ ਚੰਗਿਆੜੀ ਨੇ ਪੂਰੀ ਟਰਾਲੀ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ। ਦੇਖਦੇ ਹੀ ਦੇਖਦੇ ਪੂਰੀ ਟਰਾਲੀ ਅੱਗ ਲਪੇਟ ਵਿੱਚ ਆ ਗਈ। ਪਿੰਡ ਵਾਸੀਆਂ ਨੇ ਤੁਰੰਤ ਡਰਾਈਵਰ ਨੂੰ ਸੁਚੇਤ ਕੀਤਾ, ਜਿਸ ਨੇ ਸਮਾਂ ਰਹਿੰਦੇ ਟਰੈਕਟਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਅਬੋਹਰ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਪਿੰਡ ਵਾਸੀਆਂ ਨੇ ਵੀ ਪਾਣੀ ਦੇ ਟੈਂਕਰਾਂ ਦੀ ਮਦਦ ਨਾਲ ਅੱਗ ਬੁਝਾਉਣ ਵਿੱਚ ਸਹਿਯੋਗ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਤੂੜੀ ਪੰਜਾਬ ਤੋਂ ਰਾਜਸਥਾਨ ਲਿਜਾਈ ਜਾਣੀ ਸੀ। ਇਲਾਕਾ ਨਿਵਾਸੀਆਂ ਅਤੇ ‘ਨਰ ਸੇਵਾ ਨਾਰਾਇਣ ਸੇਵਾ ਸਮਿਤੀ’ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਓਵਰਲੋਡ ਵਾਹਨਾਂ ਦੀ ਗੈਰ-ਕਾਨੂੰਨੀ ਆਵਾਜਾਈ ਕਾਰਨ ਰੋਜ਼ਾਨਾ ਅਜਿਹੇ ਹਾਦਸੇ ਵਾਪਰ ਰਹੇ ਹਨ, ਪਰ ਅਧਿਕਾਰੀ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਮਨੁੱਖੀ ਜਾਨਾਂ ਦੀ ਰਾਖੀ ਲਈ ਓਵਰਲੋਡਿੰਗ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ।
