ਲੁਧਿਆਣਾ: ਲਾਡੋਵਾਲ ਅਧੀਨ ਆਉਂਦੇ ਹੰਬੜਾ ਵਿੱਚ ਅੱਜ ਸਵੇਰੇ ਦਸ ਵਜੇ ਕਬਾੜ ਦੀ ਦੁਕਾਨ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ ਦੁਕਾਨ ’ਤੇ ਕੰਮ ਕਰਦੇ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੀ ਆਵਾਜ਼ ਕਰੀਬ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਸ ਦੀ ਸੂਚਨਾ ਤੁਰੰਤ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਦੋਵਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਜਾਂਚ ਉਪਰੰਤ ਚੰਦਨ ਕੁਮਾਰ (40) ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬਾਬਾ ਫੂਲ ਪਾਸਵਾਨ (60) ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਥਾਣਾ ਲਾਡੋਵਾਲ ਮਾਮਲੇ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਪੇਂਟ ਦੇ ਡਰੰਮ ਨੂੰ ਦੋਵਾਂ ਕਰਮਚਾਰੀਆਂ ਨੇ ਅੱਗ ਲਗਾਈ ਸੀ, ਜਿਵੇਂ ਹੀ ਉਨ੍ਹਾਂ ਨੇ ਡਰੰਮ ਸਾਫ਼ ਕਰਨ ਲਈ ਕੈਮੀਕਲ ਪਾਇਆ ਤਾਂ ਧਮਾਕਾ ਹੋ ਗਿਆ। ਪੁਲੀਸ ਜਦੋਂ ਜਾਂਚ ਲਈ ਪਹੁੰਚੀ ਤਾਂ ਉਨ੍ਹਾਂ ਨੂੰ ਦੁਕਾਨ ਵਿੱਚ ਲੱਗਿਆ ਸੀ ਸੀ ਟੀ ਵੀ ਕੈਮਰਾ ਮਿਲਿਆ। ਫੁਟੇਜ ਵਿੱਚ ਦਰਦਨਾਕ ਹਾਦਸੇ ਦਾ ਪੂਰਾ ਮੰਜ਼ਰ ਕੈਦ ਹੋਇਆ ਹੈ। ਲਾਡੋਵਾਲ ਥਾਣੇ ਦੇ ਐੱਸ ਐੱਚ ਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਪੜਤਾਲ ਕਰ ਰਹੀ ਹੈ।
Posted inLudhiana