ਫੇਸਬੁੱਕ ਤੇ ਦੋਸਤ ਬਣਾ ਕੇ ਬਜ਼ੁਰਗ ਵਪਾਰੀ ਤੋਂ 19.84 ਕਰੋੜ ਠੱਗੇ

ਐੱਸ ਏ ਐੱਸ ਨਗਰ (ਮੁਹਾਲੀ): ਸਾਈਬਰ ਠੱਗਾਂ ਵੱਲੋਂ ਲੁਧਿਆਣਾ ਦੇ ਵਪਾਰੀ ਨੂੰ ਫੇਸਬੁੱਕ ’ਤੇ ਦੋਸਤ ਬਣਾ ਕੇ 19 ਕਰੋੜ 84 ਲੱਖ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਬੰਧਤ ਮਾਮਲੇ ਦੀ ਸ਼ਿਕਾਇਤ ਮੁਹਾਲੀ ਸਾਈਬਰ ਸੈੱਲ ਵਿੱਚ ਦਿੱਤੀ ਗਈ ਹੈ ਅਤੇ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਨਿਵਾਸੀ ਸ਼ਿਕਾਇਤਕਰਤਾ ਸੀਨੀਅਰ ਨਾਗਰਿਕ ਜਗਦੀਪ ਸਿੰਘਲ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਮਈ 2025 ਵਿੱਚ ਫੇਸਬੁੱਕ ਉੱਤੇ ਅਨਾਮਿਕਾ ਰਾਏ ਔਰਤ ਵੱਲੋਂ ਉਸ ਨਾਲ ਦੋਸਤੀ ਕੀਤੀ ਗਈ। ਜਿਵੇਂ-ਜਿਵੇਂ ਦੋਸਤੀ ਵਧਦੀ ਗਈ ਬਜ਼ੁਰਗ ਨੂੰ ਕ੍ਰਿਪਟੋ ਵਪਾਰ ਵਿੱਚ ਭਾਰੀ ਮੁਨਾਫ਼ੇ ਦਾ ਵਾਧਾ ਕਰਕੇ ਲਾਲਚ ਦਿੱਤਾ ਗਿਆ। ਧੋਖੇਬਾਜ਼ਾਂ ਨੇ, ਜੋ ਮਾਹਿਰ ਹੋਣ ਦਾ ਦਾਅਵਾ ਕਰਦੇ ਸਨ, ਨੇ ਉਸ ਨੂੰ ਅੰਤਰਰਾਸ਼ਟਰੀ ਪਲੇਟਫਾਰਮ ’ਤੇ ਨਿਵੇਸ਼ ਕਰਨ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ। ਪੀੜਤ ਨੂੰ ਕੋਨਿਕਸ ਵੀ ਆਈ ਪੀ ਟੂ ਨਾਮਕ ਇੱਕ ਵੈੱਬਸਾਈਟ ’ਤੇ ਇਹ ਵਾਇਲੇਟ ਬਣਾਉਣ ਲਈ ਕਿਹਾ ਗਿਆ ਸੀ, ਜੋ ਅਸਲ ਪਲੇਟਫਾਰਮ ਦੀ ਬਿਲਕੁਲ ਕਾਪੀ ਸੀ ਜਿਵੇਂ-ਜਿਵੇਂ ਨਿਵੇਸ਼ ਵਧਦਾ ਗਿਆ, ਵੈੱਬਸਾਈਟ ’ਤੇ ਬਕਾਇਆ ਵੀ ਵੱਧਦਾ ਗਿਆ। ਵੈੱਬਸਾਈਟ ’ਤੇ ਕਰੋੜਾਂ ਦਾ ਬਕਾਇਆ ਦਿਖਾ ਕੇ ਉਸ ਨੂੰ ਅਤਿਵਾਦੀ ਅਤੇ ਜਾਅਲੀ ਆਰ ਬੀ ਆਈ ਨੋਟਿਸ ਦੀਆਂ ਧਮਕੀਆਂ ਭੇਜੀਆਂ ਗਈਆਂ, ਜਿਸ ਨਾਲ ਬਜ਼ੁਰਗ ਤੋਂ 15 ਬੈਂਕਾਂ ਦੇ 76 ਖਾਤਿਆਂ ਵਿੱਚ 19 ਕਰੋੜ 84 ਲੱਖ ਰੁਪਏ ਟ੍ਰਾਂਸਫਰ ਕਰਵਾ ਲਏ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।

Share: