ਫਿਰੋਜ਼ਪੁਰ ਤੋਂ ਦੁਬਈ ਲਈ ਹਰੀਆਂ ਮਿਰਚਾਂ ਦੀ ਪਹਿਲੀ ਖੇਪ ਰਵਾਨਾ

ਫਿਰੋਜ਼ਪੁਰ: ਹਰੀ ਮਿਰਚ ਦੀ 15 ਟਨ ਦੀ ਪਹਿਲੀ ਖੇਪ ਅੱਜ ਪਿੰਡ ਹਕੂਮਤ ਸਿੰਘ ਵਾਲਾ ਤੋਂ ਦੁਬਈ ਲਈ ਰਵਾਨਾ ਕੀਤੀ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਖੇਪ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਸ੍ਰੀ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਵਿੱਚ ਪੈਦਾ ਹੋਈ ਹਰੀ ਮਿਰਚ ਭਾਰਤ ਤੋਂ ਬਾਹਰ ਦੁਬਈ ਭੇਜੀ ਜਾ ਰਹੀ ਹੈ। ਪੰਜਾਬ ਵਿਚ ਲਗਪਗ 19,661 ਹੈਕਟੇਅਰ ਰਕਬੇ ਵਿਚ ਮਿਰਚ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਵਿਚ 2,94,915 ਟਨ ਹਰੀ ਮਿਰਚ ਦਾ ਉਤਪਾਦਨ ਹੁੰਦਾ ਹੈ। ਪੰਜਾਬ ਦੇ ਮੁੱਖ ਮਿਰਚ ਉਤਪਾਦਕ ਜ਼ਿਲ੍ਹੇ ਫਿਰੋਜ਼ਪੁਰ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਐੱਸ ਬੀ ਐੱਸ ਨਗਰ ਅਤੇ ਹੁਸ਼ਿਆਰਪੁਰ ਹਨ। ਪੰਜਾਬ ਵਿੱਚ ਪੈਦਾ ਹੋਈ ਹਰੀ ਮਿਰਚ ਨੂੰ ਭਾਰਤ ਦੇ ਵੱਖ-ਵੱਖ ਸੂਬੇ ਜਿਵੇਂ ਮੱਧ ਪ੍ਰਦੇਸ਼, ਹਿਮਾਚਲ, ਜੰਮੂ, ਦਿੱਲੀ ਉੱਤਰ ਪ੍ਰਦੇਸ਼ ਵਿਚ ਭੇਜਿਆ ਜਾਂਦਾ ਹੈ। ਸਪੀਕਰ ਨੇ ਰਾਜ ਸਭਾ ਮੈਂਬਰ ਪਦਮਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਚਲਾਈ ਜਾ ਰਹੀ ਸੰਨ ਫਾਊਂਡੇਸ਼ਨ ਰਾਹੀਂ ਸਾਰਾਗੜ੍ਹੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਦੀ ਵਿੱਤੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਸ੍ਰੀ ਸੰਧਵਾਂ ਨੇ ਕਿਸਾਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪੀ ਏ ਯੂ ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਵਿਧਾਇਕ ਫੌਜਾ ਸਿੰਘ ਸਰਾਰੀ, ਵਿਧਾਇਕ ਰਣਬੀਰ ਸਿੰਘ ਭੁੱਲਰ, ਸੰਨ ਫਾਉੂਂਡੇਸ਼ਨ ਦੇ ਸੀ ਈ ਓ ਗੁਰਬੀਰ ਸਿੰਘ, ਪਲੈਨਿੰਗ ਬੋਰਡ ਦੇ ਚੇਅਰਮੈਨ ਹਰਜਿੰਦਰ ਸਿੰਘ, ਰਵਦੀਪ ਕੌਰ ਏ ਆਈ ਐੱਫ, ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Share: