US-Iran-Israel War: ਇਰਾਨ ਨਾਲ ਜੰਗਬੰਦੀ ਖ਼ਤਮ ਕਰ ਸਕਦੇ ਹਨ ਟਰੰਪ; ਬੁੱਧਵਾਰ ਤੱਕ ਸਮਝੌਤਾ ਨਾ ਹੋਣ ’ਤੇ ਦਿੱਤੀ ਬੰਬਾਰੀ ਦੀ ਚਿਤਾਵਨੀ

US-Iran-Israel War: ਇਰਾਨ ਨਾਲ ਜੰਗਬੰਦੀ ਖ਼ਤਮ ਕਰ ਸਕਦੇ ਹਨ ਟਰੰਪ; ਬੁੱਧਵਾਰ ਤੱਕ ਸਮਝੌਤਾ ਨਾ ਹੋਣ ’ਤੇ ਦਿੱਤੀ ਬੰਬਾਰੀ ਦੀ ਚਿਤਾਵਨੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਰਾਨ ਨਾਲ ਚੱਲ ਰਹੀ ਜੰਗ ਦੇ ਹਾਲਾਤ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਬੁੱਧਵਾਰ ਤੱਕ ਜੰਗ ਨੂੰ ਪੱਕੇ ਤੌਰ ’ਤੇ ਖ਼ਤਮ ਕਰਨ ਲਈ ਕੋਈ ਲੰਬੇ ਸਮੇਂ ਦਾ ਸਮਝੌਤਾ ਸਿਰੇ ਨਹੀਂ ਚੜ੍ਹਦਾ, ਤਾਂ ਉਹ ਮੌਜੂਦਾ ਜੰਗਬੰਦੀ ਨੂੰ ਖ਼ਤਮ ਕਰ ਸਕਦੇ ਹਨ। ਫੀਨਿਕਸ (ਏਰੀਜ਼ੋਨਾ) ਤੋਂ ਵਾਸ਼ਿੰਗਟਨ ਪਰਤਦੇ ਸਮੇਂ ‘ਏਅਰ ਫੋਰਸ ਵਨ’ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਹੁਣ ਹੋਰ ਉਡੀਕ ਕਰਨ ਦੇ ਮੂਡ ਵਿੱਚ ਨਹੀਂ ਹੈ।

ਰਾਸ਼ਟਰਪਤੀ ਟਰੰਪ ਨੇ ਕਿਹਾ, “ਸ਼ਾਇਦ ਮੈਂ ਜੰਗਬੰਦੀ ਦੀ ਮਿਆਦ ਨੂੰ ਹੋਰ ਨਾ ਵਧਾਵਾਂ, ਪਰ ਇਰਾਨੀ ਬੰਦਰਗਾਹਾਂ ਦੀ ਘੇਰਾਬੰਦੀ (Blockade) ਲਗਾਤਾਰ ਜਾਰੀ ਰਹੇਗੀ।” ਉਨ੍ਹਾਂ ਅੱਗੇ ਬੇਹੱਦ ਸਖ਼ਤ ਲਹਿਜੇ ਵਿੱਚ ਕਿਹਾ, “ ਸਾਡੇ ਕੋਲ ਘੇਰਾਬੰਦੀ ਦੀ ਤਾਕਤ ਹੈ, ਅਤੇ ਬਦਕਿਸਮਤੀ ਨਾਲ ਸਾਨੂੰ ਦੁਬਾਰਾ ਬੰਬ ਸੁੱਟਣੇ ਸ਼ੁਰੂ ਕਰਨੇ ਪੈ ਸਕਦੇ ਹਨ।”ਟਰੰਪ ਦੇ ਇਸ ਬਿਆਨ ਨੇ ਖਾੜੀ ਦੇਸ਼ਾਂ ਅਤੇ ਕੌਮਾਂਤਰੀ ਭਾਈਚਾਰੇ ਵਿੱਚ ਚਿੰਤਾ ਵਧਾ ਦਿੱਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬੁੱਧਵਾਰ ਤੱਕ ਦੋਵਾਂ ਮੁਲਕਾਂ ਵਿਚਾਲੇ ਕੋਈ ਸਹਿਮਤੀ ਨਹੀਂ ਬਣਦੀ, ਤਾਂ ਖੇਤਰ ਵਿੱਚ ਮੁੜ ਭਿਆਨਕ ਖੂਨ-ਖਰਾਬਾ ਸ਼ੁਰੂ ਹੋ ਸਕਦਾ ਹੈ। ਯਾਦ ਰਹੇ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਇਸ ਜੰਗ ਨੇ ਪਹਿਲਾਂ ਹੀ ਗਲੋਬਲ ਸਪਲਾਈ ਚੇਨ ਅਤੇ ਤੇਲ ਦੀਆਂ ਕੀਮਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਹੁਣ ਸਾਰੀਆਂ ਨਜ਼ਰਾਂ ਬੁੱਧਵਾਰ ਨੂੰ ਹੋਣ ਵਾਲੀ ਸੰਭਾਵਿਤ ਗੱਲਬਾਤ ’ਤੇ ਟਿਕੀਆਂ ਹੋਈਆਂ ਹਨ।

Share: