ਰਿਸ਼ਤੇਦਾਰ ਨੇ ਅਧਿਆਪਕਾ ’ਤੇ ਤੇਜ਼ਾਬ ਸੁੱਟਿਆ

ਸ੍ਰੀ ਹਰਗੋਬਿੰਦਪੁਰ: ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਪੁਰ ਦੀ ਅਧਿਆਪਕਾ ਲਖਵਿੰਦਰ ਕੌਰ ’ਤੇ ਅੱਜ ਡਿਊਟੀ ਦੌਰਾਨ ਉਸ ਦੇ ਕਰੀਬੀ ਰਿਸ਼ਤੇਦਾਰ ਵੱਲੋਂ ਤੇਜ਼ਾਬ ਸੁੱਟ ਦਿੱਤਾ ਗਿਆ। ਇਸ ਘਟਨਾ ਵਿੱਚ ਦੋ ਮਾਸੂਮ ਬੱਚੇ ਵੀ ਤੇਜ਼ਾਬ ਨਾਲ ਝੁਲਸ ਗਏ। ਘਟਨਾ ਉਸ ਸਮੇਂ ਵਾਪਰੀ ਜਦੋਂ ਅਧਿਆਪਕਾ ਆਪਣੀ ਜਮਾਤ ਵਿੱਚ ਨਿੱਕੇ ਬੱਚਿਆਂ ਨੂੰ ਪੜ੍ਹਾ ਰਹੀ ਸੀ। ਵੇਰਵਿਆਂ ਮੁਤਾਬਕ ਲਖਵਿੰਦਰ ਕੌਰ ਅੱਧੀ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਸਕੂਲ ਦਾ ਕੰਮ ਕਰਵਾ ਰਹੀ ਸੀ। ਇਸੇ ਦੌਰਾਨ ਮੁਲਜ਼ਮ ਤੇਜਬੀਰ ਸਿੰਘ, ਜੋ ਰਿਸ਼ਤੇ ਵਿੱਚ ਅਧਿਆਪਕਾ ਦਾ ਭਾਣਜਾ ਹੈ, ਜਮਾਤ ’ਚ ਆਇਆ। ਉਸ ਨੇ ਆਉਂਦਿਆਂ ਹੀ ਅਧਿਆਪਕਾ ਉਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਅਧਿਆਪਕਾ ਦੇ ਮੂੰਹ ਅਤੇ ਅੱਖਾਂ ’ਤੇ ਪੈ ਗਿਆ। ਤੇਜ਼ਾਬ ਇੱਕ ਬੱਚੇ ਦੀ ਅੱਖ ’ਤੇ ਜਦਕਿ ਦੂਸਰੇ ਦੇ ਹੱਥ ’ਤੇ ਪਿਆ ਹੈ। ਪੀੜਤਾਂ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਲਿਆਂਦਾ ਗਿਆ। ਸ੍ਰੀ ਹਰਗੋਬਿੰਦਪੁਰ ਦੇ ਡੀ ਐੱਸ ਪੀ ਹਰੀਸ਼ ਬਹਿਲ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਜਾਣਕਾਰੀ ਮੁਤਾਬਕ ਅਧਿਆਪਕਾ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।

Share: