ਬਟਾਲਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਥੇ ਭਰਵੇਂ ਇਕੱਠ ਵਿੱਚ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੀ ਤਕਦੀਰ ਬਦਲਣ ਲਈ ਲੰਘੇ ਚਾਰ ਸਾਲਾਂ ’ਚ ਜੋ ਹੈਰਾਨੀਜਨਕ ਵਿਕਾਸ ਕਰਵਾਇਆ ਹੈ, ਉਹ ਅਕਾਲੀ ਦਲ ਅਤੇ ਕਾਂਗਰਸ ਲੀਡਰਾਂ ਨੂੰ ਰਾਸ ਨਹੀਂ ਆ ਰਿਹਾ। ਪੰਜਾਬ ’ਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਗੈਂਗਸਟਰਵਾਦ ਅਤੇ ਨਸ਼ਿਆਂ ਵਿਰੁੱਧ ਸਖ਼ਤੀ ਨਹੀਂ ਕੀਤੀ, ਸਗੋਂ ਇਨ੍ਹਾਂ ਦੀ ਪੁਸ਼ਤਪਨਾਹੀ ਕੀਤੀ। ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ ਲੀਡਰਾਂ ’ਤੇ ਸ਼ਬਦੀ ਬਾਣ ਦਾਗ਼ਦਿਆਂ ਕਿਹਾ ਕਿ ਇਨ੍ਹਾਂ ਦੀਆਂ ਸਰਕਾਰਾਂ ਦੌਰਾਨ ਚਿੱਟੇ ਨਾਲ ਲੋਕਾਂ ਦੇ ਘਰ ਉਜਾੜ ਦਿੱਤੇ ਗਏ ਤੇ ਉਹੀ ਰਵਾਇਤੀ ਧਿਰਾਂ ਦੇ ਲੀਡਰ ਹੁਣ ਪੰਜਾਬ ਬਚਾਓ ਦੀਆਂ ਗੱਲਾਂ ਕਰਦੇ ਹਨ। ਸ੍ਰੀ ਮਾਨ ਨੇ 13 ਅਪਰੈਲ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬੇਅਦਬੀਆਂ ਸਬੰਧੀ ਜੋ ਕਾਨੂੰਨ ਬਣਾਇਆ ਹੈ, ਹੁਣ ਕੋਈ ਵੀ ਮੁਲਜ਼ਮ ਕਿਸੇ ਧਰਮ ਗ੍ਰੰਥ ਦੀ ਬੇਅਦਬੀ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ। ਅਕਾਲੀ ਦਲ ਦੀ ਸਰਕਾਰ ਨੇ ਵੋਟਾਂ ਖਿਸਕਣ ਦੇ ਡਰੋਂ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ।
ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਦਾਣਾ ਮੰਡੀ ਬਟਾਲਾ ’ਚ ਭਰਵਾਂ ਇਕੱਠ ਕਰਨ ’ਤੇ ਸ੍ਰੀ ਮਾਨ ਨੇ ਉਨ੍ਹਾਂ ਦੀ ਪਿੱਠ ਥਾਪੜੀ ਅਤੇ ਭਵਿੱਖਬਾਣੀ ਕੀਤੀ ਕਿ ਅਜਿਹੇ ਇਕੱਠ ਸਾਬਤ ਕਰਦੇ ਹਨ ਕਿ 2027 ’ਚ ਪੰਜਾਬ ’ਚ ਫਿਰ ‘ਆਪ’ ਦੀ ਸਰਕਾਰ ਬਣੇਗੀ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਰੈਲੀ ਸਥਾਨ ’ਤੇ ਤਿੰਨ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਇਨ੍ਹਾਂ ’ਚ ਭੀੜ ਭੜੱਕੇ ਵਾਲੇ ਅਸਥਾਨ ’ਤੇ ਬੱਸ ਸਟੈਂਡ ਨੂੰ ਹੋਰ ਜਗ੍ਹਾ ਬਣਾਉਣ ਦਾ ਨੀਂਂਹ ਪੱਥਰ ਵੀ ਸ਼ਾਮਲ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਟਾਲਾ ਦੇ ਵਿਕਾਸ ਲਈ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੌਰਾਨ ਲੀਡਰ ਆਪਣੇ ਖੀਸੇ ਭਰਨ ’ਤੇ ਲੱਗੇ ਰਹੇ। ਉਨ੍ਹਾਂ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਲੀਡਰਾਂ ’ਤੇ ਬਿਜਲੀ, ਕੋਲੇ ’ਚ ਪੈਸੇ ਖਾਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਝਾਰਖੰਡ ’ਚ ਕੋਲੇ ਦੀ ਖਾਣ ’ਚ 70 ਲੱਖ ਟਨ ਕੋਲਾ ਪੈਦਾ ਕਰਕੇ 12062 ਕਰੋੜ ਰੁਪਏ ਬਚਾਏ। ਇਸ ਤੋਂ ਪਹਿਲਾ ਪੰਜਾਬ ‘ਆਪ’ ਦੇ ਇਚਾਰਜ ਮੁਨੀਸ਼ ਸਿਸੋਦੀਆ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਸਮੇਂ ’ਚ ਪੱਛਮੀ ਬੰਗਾਲ ਦੀ ਤਰਜ਼ ’ਤੇ ਪੰਜਾਬ ’ਚ ਵੀ ਵੋਟ ਚੋਰੀ ਕਰਨ ਦੇ ਯਤਨ ਕਰਨਗੇ।
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਹਲਕਾ ਬਟਾਲਾ ’ਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦੇਣ ਲਈ ਮੁੱਖ ਮੰਤਰੀ ਵੱਲੋਂ ਨੀਂਹ ਪੱਥਰ ਰੱਖਣ ਦਾ ਧੰਨਵਾਦ ਕੀਤਾ। ਉਨ੍ਹਾਂ ਔਰਤਾਂ ਨੂੰ 10 ਲੱਖ ਰੁਪਏ ਵਾਲੇ ਸਿਹਤ ਕਾਰਡ ਅਤੇ ਹਜ਼ਾਰ ਰੁਪਏ ਤੇ ਪੰਦਰਾਂ ਸੌ ਰੁਪਏ ਵਾਲੇ ਕਾਰਡ ਬਣਾਉਣ ’ਚ ਫੁਰਤੀ ਵਰਤਣ ਲਈ ਕਿਹਾ। ਇਸ ਮੌਕੇ ’ਤੇ ਹਲਕਾ ਸ੍ਰੀਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਕਾਂਦੀਆਂ ਹਲਕੇ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ, ਅੰਮ੍ਰਿਤਸਰ ਤੋਂ ਵਿਧਾਇਕ ਜੀਵਨਜੋਤ ਕੌਰ, ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਸਮੇਤ ਹੋਰ ‘ਆਪ’ ਲੀਡਰ ਹਾਜ਼ਰ ਸਨ। ਮੰਚ ਸੰਚਾਲਨ ਡੀ ਪੀ ਆਰ ਓ ਹਰਜਿੰਦਰ ਸਿੰਘ ਕਲਸੀ ਨੇ ਕੀਤਾ।

