Shiromani Akali Dal: ਸਾਬਕਾ ਵਿਧਾਇਕ ਰਮਿੰਦਰ ਆਂਵਲਾ ਅੱਜ ਅਕਾਲੀ ਦਲ ’ਚ ਹੋਣਗੇ ਸ਼ਾਮਲ

Shiromani Akali Dal: ਸਾਬਕਾ ਵਿਧਾਇਕ ਰਮਿੰਦਰ ਆਂਵਲਾ ਅੱਜ ਅਕਾਲੀ ਦਲ ’ਚ ਹੋਣਗੇ ਸ਼ਾਮਲ

ਫ਼ਿਰੋਜ਼ਪੁਰ : ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਸੂਬੇ ਦੇ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਣੇ ਸ਼ੁਰੂ ਹੋ ਗਏ ਹਨ। ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਅੱਜ ਸ਼੍ਰੋਮਣੀ ਅਕਾਲੀ ਦਲ (SAD) ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਸੂਤਰਾਂ ਅਨੁਸਾਰ ਆਂਵਲਾ ਵੱਲੋਂ ਚੰਡੀਗੜ੍ਹ ਵਿਖੇ ਰਸਮੀ ਤੌਰ ’ਤੇ ਪਾਰਟੀ ਦਾ ਪੱਲਾ ਫੜੇ ਜਾਣ ਦੀ ਪੂਰੀ ਸੰਭਾਵਨਾ ਹੈ। ਸਾਲ 2019 ਤੋਂ 2022 ਤੱਕ ਪੰਜਾਬ ਵਿਧਾਨ ਸਭਾ ਵਿੱਚ ਜਲਾਲਾਬਾਦ ਦੀ ਨੁਮਾਇੰਦਗੀ ਕਰਨ ਵਾਲੇ ਰਮਿੰਦਰ ਸਿੰਘ ਆਂਵਲਾ ਨੇ ਅਕਤੂਬਰ 2019 ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਨੂੰ ਹਰਾ ਕੇ ਵੱਡਾ ਸਿਆਸੀ ਉਲਟਫੇਰ ਕੀਤਾ ਸੀ। ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਮਗਰੋਂ ਖ਼ਾਲੀ ਹੋਈ ਸੀ, ਜਿਸ ਨੂੰ ਬਾਦਲਾਂ ਦਾ ਅਭੇਦ ਕਿਲ੍ਹਾ ਮੰਨਿਆ ਜਾਂਦਾ ਸੀ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਗੁਰੂਹਰਸਹਾਏ ਹਲਕੇ ਨਾਲ ਸਬੰਧਤ ਆਂਵਲਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਬਾਵਜੂਦ ਕਾਂਗਰਸ ਅੰਦਰ ਲਗਾਤਾਰ ਸਰਗਰਮ ਰਹੇ। ਹਾਲਾਂਕਿ, ਇਸ ਤੋਂ ਪਹਿਲਾਂ ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਜਾਣ ਦੀਆਂ ਵੀ ਕਾਫ਼ੀ ਚਰਚਾਵਾਂ ਚੱਲੀਆਂ ਸਨ। ਜਾਣੇ-ਪਛਾਣੇ ਕਾਰੋਬਾਰੀ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਆਂਵਲਾ ਨੇ ਇਸੇ ਸਾਲ ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ ਸੀ, ਜਿੱਥੇ ਪਾਰਟੀ ਨੇ ਕੁੱਲ 15 ਵਿੱਚੋਂ 13 ਵਾਰਡਾਂ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਆਂਵਲਾ ਦੇ ਸਿਆਸੀ ਸਫ਼ਰ ਦੌਰਾਨ ਸੁਖਬੀਰ ਬਾਦਲ ਨਾਲ ਸਿੱਧਾ ਟਕਰਾਅ ਵੀ ਕਾਫ਼ੀ ਚਰਚਾ ਦਾ ਵਿਸ਼ਾ ਰਿਹਾ ਹੈ। ਫ਼ਰਵਰੀ 2021 ਵਿੱਚ ਨਗਰ ਕੌਂਸਲ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਜਲਾਲਾਬਾਦ ਤਹਿਸੀਲ ਕੰਪਲੈਕਸ ਵਿੱਚ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਇਸ ਦੌਰਾਨ ਹੋਏ ਪਥਰਾਅ ਵਿੱਚ ਸੁਖਬੀਰ ਬਾਦਲ ਦੀ ਬੁਲੇਟਪਰੂਫ਼ ਗੱਡੀ ਨੁਕਸਾਨੀ ਗਈ ਸੀ ਅਤੇ ਚਾਰ ਵਿਅਕਤੀ ਜ਼ਖ਼ਮੀ ਹੋਏ ਸਨ। ਉਸ ਵੇਲੇ ਅਕਾਲੀ ਆਗੂਆਂ ਨੇ ਆਂਵਲਾ ਅਤੇ ਉਨ੍ਹਾਂ ਦੇ ਪੁੱਤਰ ਜਤਿਨ ’ਤੇ ਹਿੰਸਾ ਭੜਕਾਉਣ ਦੇ ਦੋਸ਼ ਲਾਏ ਸਨ, ਜਦੋਂਕਿ ਆਂਵਲਾ ਨੇ ਇਸ ਨੂੰ ਨਕਾਰਦਿਆਂ ਅਕਾਲੀਆਂ ’ਤੇ ਮਾਹੌਲ ਖ਼ਰਾਬ ਕਰਨ ਦਾ ਪਲਟਵਾਰ ਕੀਤਾ ਸੀ। ਪੁਲੀਸ ਜਾਂਚ ਤੋਂ ਬਾਅਦ ਦੋਵਾਂ ਪਿਓ-ਪੁੱਤ ਖ਼ਿਲਾਫ਼ ਦੋਸ਼ ਸਾਬਤ ਨਾ ਹੋਣ ਕਾਰਨ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਗਿਆ ਸੀ।ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੋਵਾਂ ਸਰਹੱਦੀ ਜ਼ਿਲ੍ਹਿਆਂ ਵਿੱਚ ਮਜ਼ਬੂਤ ਜ਼ਮੀਨੀ ਪਕੜ ਰੱਖਣ ਵਾਲੇ ਰਮਿੰਦਰ ਸਿੰਘ ਆਂਵਲਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਮਾਲਵਾ ਖਿੱਤੇ ਅੰਦਰ ਪਾਰਟੀ ਕਾਡਰ ਨੂੰ ਵੱਡਾ ਹੁਲਾਰਾ ਮਿਲਣ ਦੇ ਆਸਾਰ ਹਨ।

Share: