‘ਚਿੱਟਾ ਹੀ ਚਿੱਟਾ’: ਸਰਹੱਦੀ ਪਿੰਡ ਦੀ ਕੰਧ ’ਤੇ ਲਿਖੇ ਸੁਨੇਹੇ ਨੇ ਖੋਲ੍ਹੀ ਨਸ਼ਾ ਤਸਕਰੀ ਦੀ ਪੋਲ

‘ਚਿੱਟਾ ਹੀ ਚਿੱਟਾ’: ਸਰਹੱਦੀ ਪਿੰਡ ਦੀ ਕੰਧ ’ਤੇ ਲਿਖੇ ਸੁਨੇਹੇ ਨੇ ਖੋਲ੍ਹੀ ਨਸ਼ਾ ਤਸਕਰੀ ਦੀ ਪੋਲ

ਬਠਿੰਡਾ : ਬਠਿੰਡਾ ਜ਼ਿਲ੍ਹੇ ਵਿੱਚ ਪੰਜਾਬ-ਹਰਿਆਣਾ ਸਰਹੱਦ ’ਤੇ ਸਥਿਤ ਡੂਮਵਾਲੀ ਪਿੰਡ ਦੀ ਨਰਸਿੰਘ ਕਾਲੋਨੀ ਵਿੱਚ ਲਗਪਗ 450 ਪੁਲੀਸ ਮੁਲਾਜ਼ਮਾਂ ਵੱਲੋਂ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਏ ਜਾਣ ਦੇ ਮਹਿਜ਼ ਦੋ ਹਫ਼ਤਿਆਂ ਬਾਅਦ, ‘ਚਿੱਟੇ’ (ਹੈਰੋਇਨ) ਦੀ ਕਥਿਤ ਸੁਖਾਲੀ ਉਪਲਬਧਤਾ ਦਾ ਮੁੱਦਾ ਸ਼ਨਿੱਚਰਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਕੰਧ ’ਤੇ “ਚਿੱਟਾ ਹੀ ਚਿੱਟਾ” ਲਿਖੇ ਜਾਣ ਨਾਲ ਫਿਰ ਚਰਚਾ ਵਿੱਚ ਆ ਗਿਆ ਹੈ। ਇਲਾਕੇ ਵਿੱਚ ਨਸ਼ੇ ਦੀ ਕਥਿਤ ਉਪਲਬਧਤਾ ਵੱਲ ਇਸ਼ਾਰਾ ਕਰਦਿਆਂ ਸੁਨੇਹੇ ਦੇ ਨਾਲ ਇੱਕ ਤੀਰ ਦਾ ਨਿਸ਼ਾਨ ਵੀ ਬਣਾਇਆ ਗਿਆ ਸੀ।

ਇਲਾਕੇ ਦੀ ਇੱਕ ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਪੁੱਤ ਨਸ਼ੇ ਦਾ ਆਦੀ ਹੈ ਅਤੇ ਦਾਅਵਾ ਕੀਤਾ ਕਿ ਇਲਾਕੇ ਵਿੱਚ ‘ਚਿੱਟਾ’ ਆਸਾਨੀ ਨਾਲ ਮਿਲ ਜਾਂਦਾ ਹੈ। ਉਸ ਨੇ ਦੋਸ਼ ਲਾਇਆ ਕਿ ਜਦੋਂ ਪੁਲੀਸ ਮੁਲਾਜ਼ਮ ਸੂਚਨਾ ਮਿਲਣ ਤੋਂ ਬਾਅਦ ਛਾਪੇਮਾਰੀ ਕਰਦੇ ਹਨ, ਤਾਂ ਕੁੱਝ ਮੁਲਾਜ਼ਮ ਛਾਪੇਮਾਰੀ ਬਾਰੇ ਸ਼ੱਕੀ ਨਸ਼ਾ ਤਸਕਰਾਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੰਦੇ ਹਨ। ਹਾਲਾਂਕਿ, ਉਸ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੁੱਝ ਪੁਲੀਸ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਸਥਾਨਕ ਭਾਜਪਾ ਆਗੂ ਹਰਭਜਨ ਸਿੰਘ ਨੇ ਲੋਕਾਂ ਨੂੰ ਸਿਆਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਬਾਅਦ ਵਿੱਚ ਕੁੱਝ ਲੋਕਾਂ ਨੇ ਕੰਧ ’ਤੇ ਲਿਖੀ ਲਿਖਤ ਨੂੰ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸੇ ਸਾਲ 10 ਅਕਤੂਬਰ ਨੂੰ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਅਤੇ ਵਧੀਕ ਡਿਪਟੀ ਕਮਿਸ਼ਨਰ ਕੰਚਨ ਨਾਲ ਮਿਲ ਕੇ ਸੰਗਤ ਪੁਲੀਸ ਥਾਣੇ ਦੇ ਅਧਿਕਾਰ ਖੇਤਰ ਹੇਠ ਆਉਂਦੀ ਨਰਸਿੰਘ ਕਾਲੋਨੀ ਵਿੱਚ ਤਲਾਸ਼ੀ ਅਭਿਆਨ ਦੀ ਅਗਵਾਈ ਕੀਤੀ ਸੀ।

ਬੀਤੇ ਸਾਲ ਨਵੰਬਰ ਵਿੱਚ, ਮੌੜ ਕਲਾਂ ਪਿੰਡ ਦੇ ਕੁੱਝ ਰਹਿਣ ਵਾਲਿਆਂ ਨੇ ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ ਵੱਲ ਇਸ਼ਾਰਾ ਕਰਦਿਆਂ ਕੰਧਾਂ ’ਤੇ “ਏਧਰ ਚਿੱਟਾ ਸ਼ਰੇਆਮ ਮਿਲਦਾ ਹੈ” ਲਿਖ ਦਿੱਤਾ ਸੀ। ਇਹ ਰੋਸ ਪ੍ਰਦਰਸ਼ਨ ਨਸ਼ੇ ਦੀ ਵੱਧ ਮਾਤਰਾ (ਓਵਰਡੋਜ਼) ਨਾਲ ਇੱਕ ਨੌਜਵਾਨ ਦੀ ਹੋਈ ਸ਼ੱਕੀ ਮੌਤ ਤੋਂ ਬਾਅਦ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ, ਬੀਤੇ ਸਾਲ ਜੂਨ ਵਿੱਚ, ਇੱਥੋਂ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਕਿਸਾਨ ਨੇ “ਸਾਡਾ ਪਿੰਡ ਵਿਕਾਊ ਹੈ” ਲਿਖਿਆ ਬੈਨਰ ਲਗਾ ਕੇ ਇਸ ਸਮੱਸਿਆ ਵੱਲ ਧਿਆਨ ਦਿਵਾਇਆ ਸੀ।

ਇਸ ਦੌਰਾਨ, ਮਾਨਸਾ ਵਿੱਚ 13 ਅਕਤੂਬਰ ਨੂੰ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਨੂੰ ਲੈ ਕੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਜਾਰੀ ਹਨ। ਇਸ ਕਤਲ ਨੇ ਨਸ਼ਿਆਂ ਦੇ ਕੋਹੜ ਅਤੇ ਨਸ਼ਾ ਤਸਕਰੀ ਵਿੱਚ ਕਥਿਤ ਤੌਰ ’ਤੇ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਇੱਕ ਵਾਰ ਫਿਰ ਗੰਭੀਰਤਾ ਨਾਲ ਉਭਾਰ ਦਿੱਤਾ ਹੈ।

Share: