ਪਾਕਿਸਤਾਨ ਤੋਂ ਤਸਕਰੀ ਰਾਹੀਂ ਆ ਰਹੇ ਉੱਕਰੇ ਹੋਏ ਨਾਵਾਂ ਵਾਲੇ ਹਥਿਆਰ

ਅੰਮ੍ਰਿਤਸਰ: ਤਸਕਰੀ ਰਾਹੀਂ ਪਾਕਿਸਤਾਨ ਤੋਂ ਆਏ ਹਥਿਆਰਾਂ ਦੇ ਉੱਪਰ ਕੁਝ ਵਿਸ਼ੇਸ਼ ਨਾਂ ਉੱਕਰੇ ਮਿਲੇ ਹਨ। ਅਜਿਹੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਇਸ ਨਵੇਂ ਰੁਝਾਨ ਪ੍ਰਤੀ ਸੁਰੱਖਿਆ ਏਜੰਸੀਆਂ ਵਧੇਰੇ ਚੌਕਸ ਹੋ ਗਈਆਂ ਹਨ। ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਹਾਲ ਹੀ ਵਿੱਚ ਦੋ ਆਧੁਨਿਕ ਹਥਿਆਰ ਜ਼ਬਤ ਕੀਤੇ ਹਨ ਜਿਨ੍ਹਾਂ ਉਤੇ “ਅਵਾਨ ਬਾਦਸ਼ਾਹ-222” ਅਤੇ “ਭੱਟ-007” ਉੱਕਰਿਆ ਹੋਇਆ ਸੀ। ਇਹ ਹਥਿਆਰ ਭਿੰਡੀ ਸੈਦਾਂ ਪੁਲੀਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਸਨ। ਅੰਮ੍ਰਿਤਸਰ ਸ਼ਹਿਰੀ ਪੁਲੀਸ ਨੇ ਵੀ “ਭੱਟ-007” ਲਿਖਿਆ ਇੱਕ ਪਿਸਤੌਲ ਬਰਾਮਦ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐੱਸ ਐੱਸ ਪੀ ਸੋਹੇਲ ਕਾਸਿਮ ਮੀਰ ਨੇ ਕਿਹਾ ਕਿ ਇਹ ਨਾਜਾਇਜ਼ ਹਥਿਆਰਾਂ ਦੇ ਕੰਮ ਵਿੱਚ ਬ੍ਰਾਂਡਿੰਗ ਵੱਲ ਵਧਣ ਦਾ ਇਸ਼ਾਰਾ ਹੈ, ਜੋ ਕਿ ਅਕਸਰ ਸੰਗਠਿਤ ਅਪਰਾਧਿਕ ਗਿਰੋਹਾਂ ਵੱਲੋਂ ਅਪਣਾਇਆ ਜਾਣ ਵਾਲਾ ਇੱਕ ਤਰੀਕਾ ਹੁੰਦਾ ਹੈ।

Share: