ਸੰਗਰੂਰ: ਕਣਕ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਇੱਥੇ ਡੀ ਸੀ ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਧਰਨੇ ਵਿਚ ਹਜ਼ਾਰਾਂ ਕਿਸਾਨਾਂ ਅਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਧਰਨੇ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਕਣਕ ਦੇ ਮਾੜੇ ਮਿਆਰ ਦਾ ਬਹਾਨਾ ਬਣਾ ਕੇ ਖ਼ਰੀਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸਵਾਲ ਕੀਤਾ ਕਿ ਜੇ ਕਣਕ ਦਾ ਦਾਣਾ ਲਾਲ ਹੁੰਦਾ ਅਤੇ ਚਮਕ ਹੁੰਦੀ ਤਾਂ ਕੀ ਉਹ ਕਣਕ ਵੱਧ ਰੇਟ ’ਤੇ ਖਰੀਦੀ ਜਾਣੀ ਸੀ? ਕੇਂਦਰ ਸਰਕਾਰ ਫ਼ਸਲ ਦੀ ਸਰਕਾਰੀ ਖਰੀਦ ਤੋਂ ਭੱਜ ਰਹੀ ਹੈ ਅਤੇ ਕਿਸਾਨਾਂ ਨੂੰ ਨਿਰਾਸ਼ ਕਰਨਾ ਚਾਹੁੰਦੀ ਹੈ ਕਿਉਂਕਿ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਤਹਿਤ ਅਮਰੀਕਾ ਨੇ ਕਣਕ, ਚੌਲ ਅਤੇ ਦੁੱਧ ਉਤਪਾਦਾਂ ਦੀ ਭਾਰਤ ਵਿਚ ਮੰਡੀ ਖੋਲ੍ਹਣੀ ਹੈ। ਸਾਡੇ ਕਿਸਾਨਾਂ ਤੇ ਅਮਰੀਕਾ ਦੇ ਕਿਸਾਨਾਂ ਵਿਚਕਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਣਕ ਦੀ ਖ਼ਰੀਦ ਤੋਂ ਟਾਲਾ ਵੱਟ ਰਹੀਆਂ ਹਨ ਜਦੋਂ ਕਿ ਮੀਂਹ ਅਤੇ ਗੜ੍ਹਿਆਂ ਕਾਰਨ ਕਿਸਾਨਾਂ ਦਾ ਘੱਟੋ-ਘੱਟ ਛੇ ਕੁਇੰਟਲ ਪ੍ਰਤੀ ਏਕੜ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਕਣਕ ਦੀ ਫ਼ਸਲ ਹਰ ਹਾਲਤ ਵਿਚ ਵਿਕੇਗੀ ਅਤੇ ਕਿਸਾਨ ਮਾਰੂ ਨੀਤੀ ਨੂੰ ਕਿਸੇ ਵੀ ਤਰਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਰਨੇ ਨੂੰ ਯੂਨੀਅਨ ਆਗੂ ਅਮਰੀਕ ਸਿੰਘ ਗੰਢੂਆਂ ਤੇ ਹੋਰਾਂ ਨੇ ਸੰਬੋਧਨ ਕੀਤਾ।

