ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਦੀਆਂ ਉਮੀਦਾਂ ਅਤੇ ਆਲਮੀ ਬਾਜ਼ਾਰਾਂ ਦੇ ਚੰਗੇ ਸੰਕੇਤਾਂ ਕਾਰਨ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਖੁੱਲ੍ਹੇ। ਅਮਰੀਕਾ-ਇਰਾਨ ਸਮਝੌਤੇ ਦੀਆਂ ਉਮੀਦਾਂ ਨੇ ਜੰਗ ਦੇ ਖ਼ਤਰੇ ਨੂੰ ਘਟਾਇਆ ਹੈ, ਜਿਸ ਨਾਲ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ।
ਵੀਰਵਾਰ ਸਵੇਰੇ ਸ਼ੁਰੂਆਤੀ ਕਾਰੋਬਾਰ ਵਿੱਚ ਐੱਨ ਐੱਸ ਈ (NSE) ਨਿਫਟੀ ਇੰਡੈਕਸ ਲਗਪਗ 500 ਅੰਕਾਂ ਦੇ ਵਾਧੇ ਨਾਲ ਚੜ੍ਹ ਕੇ 24,385.30 ‘ਤੇ ਖੁੱਲ੍ਹਿਆ, ਜਦਕਿ ਬੀ ਐੱਸ ਈ ਸੈਂਸੈਕਸ 548.48 ਅੰਕਾਂ ਦੀ ਤੇਜ਼ੀ ਨਾਲ 78,647.26 ‘ਤੇ ਪਹੁੰਚ ਗਿਆ। ਨਿਫ਼ਟੀ ਫਾਰਮਾ ਨੂੰ ਛੱਡ ਕੇ ਬਾਕੀ ਸਾਰੇ ਵੱਡੇ ਸੈਕਟਰਾਂ ਵਿੱਚ ਮਜ਼ਬੂਤੀ ਦੇਖੀ ਗਈ, ਜਦਕਿ ਨਿਫ਼ਟੀ ਆਈ ਟੀ ਅਤੇ ਨਿਫ਼ਟੀ ਮੀਡੀਆ ਇੱਕ-ਇੱਕ ਫੀਸਦੀ ਤੋਂ ਵੱਧ ਚੜ੍ਹ ਕੇ ਸਭ ਤੋਂ ਅੱਗੇ ਰਹੇ। ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਮਜ਼ਬੂਤ ਹੋ ਕੇ 93.27 ‘ਤੇ ਪਹੁੰਚ ਗਿਆ। ਉੱਥੇ ਹੀ ਤੇਲ ਦੀਆਂ ਕੀਮਤਾਂ ਅਜੇ ਵੀ ਸਥਿਰ ਨਹੀਂ ਹਨ, ਪਰ ਇਹ ਪਹਿਲਾਂ ਵਾਂਗ ਬਹੁਤ ਜ਼ਿਆਦਾ ਵੱਧ ਵੀ ਨਹੀਂ ਰਹੀਆਂ। ਆਲਮੀ ਬਾਜ਼ਾਰ ਵਿੱਚ ਬਰੈਂਟ ਕੱਚਾ ਤੇਲ 0.23% ਦੇ ਵਾਧੇ ਨਾਲ 95.15 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਬਾਜ਼ਾਰ ਮਾਹਰ ਅਜੇ ਬੱਗਾ ਅਨੁਸਾਰ, ਭਾਰਤ ਵਿੱਚ ਨਿਫ਼ਟੀ 24,000 ਦੇ ਅੰਕੜੇ ਦੇ ਨੇੜੇ ਹੈ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਕਮੀ ਕਾਰਨ ਘਰੇਲੂ ਨਿਵੇਸ਼ਕਾਂ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਹੈ ਕਿ ਜੰਗ ਦੇ ਖ਼ਤਰੇ ਦਾ ਅਸਰ ਹੁਣ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ, ਜਿਸ ਕਰਕੇ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਉਮੀਦ ਦੀ ਇੱਕ ਨਵੀਂ ਲਹਿਰ ਦੇਖਣ ਨੂੰ ਮਿਲ ਰਹੀ ਹੈ। ਬੱਗਾ ਨੇ ਕਿਹਾ ਕਿ ਅਮਰੀਕਾ-ਇਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਦੀਆਂ ਗੱਲਾਂ ਨਾਲ ਨਿਵੇਸ਼ਕਾਂ ਨੂੰ ਭਰੋਸਾ ਮਿਲਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਸੰਕੇਤ ਦਿੱਤਾ ਹੈ ਕਿ ਸੰਘਰਸ਼ ਖ਼ਤਮ ਹੋਣ ਦੇ ਕਰੀਬ ਹੈ।

