ਮੁਲਾਜ਼ਮਾਂ ਵੱਲੋਂ ਬੱਚੇ ਵਿੱਤ ਮੰਤਰੀ ਦੇ ਘਰ ਛੱਡਣ ਦਾ ਫ਼ੈਸਲਾ

ਮਾਲੇਰਕੋਟਲਾ: ਸਿੱਖਿਆ ਵਿਭਾਗ ਵਿੱਚ 20 ਸਾਲਾਂ ਤੋਂ ਸੇਵਾ ਕਰ ਰਹੇ ਦਫ਼ਤਰੀ ਕਰਮਚਾਰੀਆਂ ਦੀਆਂ ਤਨਖ਼ਾਹਾਂ ’ਤੇ 31,000 ਰੁਪਏ ਪ੍ਰਤੀ ਮਹੀਨਾ ਕੱਟ ਲਗਾਉਣ ਅਤੇ ਮੀਟਿੰਗਾਂ ਵਿੱਚ ਭਰੋਸਾ ਦੇ ਕੇ ਤਨਖ਼ਾਹਾਂ ਦਾ ਮਸਲਾ ਹੱਲ ਨਾ ਕਰਨ ਤੋਂ ਖ਼ਫ਼ਾ 1007 ਦਫ਼ਤਰੀ ਕਰਮਚਾਰੀਆਂ ਨੇ 18 ਅਪਰੈਲ ਨੂੰ ਦਿੜ੍ਹਬਾ ’ਚ ਰੋਸ ਰੈਲੀ ਕਰ ਕੇ ਆਪਣੇ ਬੱਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਛੱਡਣ ਦਾ ਐਲਾਨ ਕੀਤਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਚੌਧਰੀ ਨੂਰ ਮੁਹੰਮਦ, ਮੁਲਾਜ਼ਮ ਫੈੱਡਰੇਸ਼ਨ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਫਕੀਰ ਸਿੰਘ ਟਿੱਬਾ, ਬਲਾਕ ਪ੍ਰਧਾਨ ਮੁਹੰਮਦ ਸ਼ਰੀਫ਼ ਅਤੇ ਬੱਗਾ ਸਿੰਘ ਸੰਗਰੂਰ ਨੇ ਦੱਸਿਆ ਕਿ ਵਿੱਤ ਮੰਤਰੀ 7-8 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖ਼ਾਹਾਂ ’ਚ ਕੋਈ ਕਟੌਤੀ ਨਾ ਕਰਨ ਦੇ ਲਾਰੇ ਲਗਾ ਰਹੇ ਹਨ ਪਰ ਮੁਲ਼ਾਜ਼ਮਾਂ ਦੀਆਂ ਤਨਖ਼ਾਹਾਂ ’ਤੇ 31-31 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੱਟ ਲਗਾ ਦਿੱਤਾ ਹੈ। ਕਰਮਚਾਰੀ ਪਿਛਲੇ 20-20 ਸਾਲਾਂ ਤੋਂ ਤਨਦੇਹੀ ਨਾਲ ਸਿੱਖਿਆ ਵਿਭਾਗ ਦਾ ਕੰਮ ਕਰ ਰਹੇ ਹਨ। ਆਗੂਆਂ ਨੇ ਕਿਹਾ ਕਰਮਚਾਰੀਆਂ ਦੀ ਤਨਖ਼ਾਹ ਕਟੌਤੀ ਨਾਲ ਸਰਕਾਰ ਦੇ ਖ਼ਜ਼ਾਨੇ ਵਿੱਚ ਤਕਰੀਬਨ 23 ਕਰੋੜ ਦੀ ਬੱਚਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕੈਬਨਿਟ ਦੇ ਮਤੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਮੁਲ਼ਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ ਦੀ ਬਜਾਇ ਘਟਾਉਣ ਦੀ ਸਾਜ਼ਿਸ਼ ਘੜੀ ਹੈ।

Share: