ਮਾਲੇਰਕੋਟਲਾ: ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਰਿਵਾਰ, ਖਾਸ ਕਰ ਕੇ ਪਰਿਵਾਰ ਦੀਆਂ ਔਰਤਾਂ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਏ ਆਈ ਰਾਹੀਂ ਇਕ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ਮੰਚਾਂ ਉਤੇ ਅਪਲੋਡ ਅਤੇ ਸ਼ੇਅਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਪੁਲੀਸ ਨੇ ਥਾਣਾ ਸਾਈਬਰ ਕਰਾਈਮ ’ਚ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅੱਜ ਪਰਿਵਾਰ ਦੀ ਰਿਹਾਇਸ਼ ‘ਮਾਲੇਰਕੋਟਲਾ ਹਾਊਸ’ ਵਿੱਚ ਬੁਲਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਿਵਾਰ ਦੇ ਮੁੱਖ ਬੁਲਾਰੇ ਚੌਧਰੀ ਮੁਹੰਮਦ ਅਨਵਾਰ ਮਹਿਬੂਬ ਨੇ ਦੱਸਿਆ ਕਿ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਰਸੂਖ਼ਦਾਰ ਸਿਆਸੀ ਪਰਿਵਾਰ ਨੂੰ ਬਦਨਾਮ ਕਰਨ ਲਈ ਮਾਲੇਰਕੋਟਲਾ ਨਾਲ ਸਬੰਧਤ ਇਕ ਵਿਅਕਤੀ ਸ਼ਮਸ਼ੂਦੀਨ ਚੌਧਰੀ ਵੱਲੋਂ ਫੇਸਬੁਕ ਪੇਜ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਉਤੇ ਕਥਿਤ ਗੰਭੀਰ ਅਪਰਾਧਿਕ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਚੌਧਰੀ ਮੁਹੰਮਦ ਅਨਵਾਰ ਮਹਿਬੂਬ ਨੇ ਸਾਬਕਾ ਡੀ ਜੀ ਪੀ ਵੱਲੋਂ ਐੱਸ ਐੱਸ ਪੀ ਮਾਲੇਰਕੋਟਲਾ ਨੂੰ ਭੇਜੀ ਸ਼ਿਕਾਇਤ ਦੀਆਂ ਕਾਪੀਆਂ ਪੇਸ਼ ਕਰਦਿਆਂ ਕਿਹਾ ਕਿ ਇਸ ਸ਼ਿਕਾਇਤ ਨਾਲ ਸ਼ਮਸ਼ੂਦੀਨ ਚੌਧਰੀ ਵੱਲੋਂ 5, 6 ਅਤੇ 11 ਅਪਰੈਲ ਨੂੰ ਸੋਸ਼ਲ ਮੀਡੀਆ ਮੰਚਾਂ ’ਤੇ ਪ੍ਰਸਾਰਿਤ ਅਤੇ ਅਪਲੋਡ ਕੀਤੀਆਂ ਵੀਡੀਓਜ਼ ਵੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਸੌਂਪੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਉਹੀ ਸ਼ਮਸ਼ੂਦੀਨ ਚੌਧਰੀ ਹੈ ਜਿਸ ਨੇ ‘ਮੁਸਤਫਾ-ਰਜ਼ੀਆ’ ਪਰਿਵਾਰ ਦੇ ਇਕਲੌਤੇ ਨੌਜਵਾਨ ਬੇਟੇ ਦੀ ਮੰਦਭਾਗੀ ਮੌਤ ਤੋਂ ਬਾਅਦ ਪਰਿਵਾਰ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਸੀ। ਇਸ ਮਾਮਲੇ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ। ਇਸ ਮੌਕੇ ਕਾਂਗਰਸੀ ਆਗੂ ਮਹਿਮੂਦ ਰਾਣਾ ਵੀ ਮੌਜੂਦ ਸਨ। ਇਸ ਸਬੰਧੀ ਸ਼ਮਸ਼ੂਦੀਨ ਚੌਧਰੀ ਨਾਲ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।
Posted inMalerkotla
ਮੁਸਤਫਾ ਪਰਿਵਾਰ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਕੇਸ ਦਰਜ
