ਅੰਮ੍ਰਿਤਸਰ: ਉੱਤਰਾਖੰਡ ਰਾਜ ਵਿੱਚ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰੇ ਦੇ ਆਲੇ-ਦੁਆਲੇ ਅਤੇ ਰਸਤਿਆਂ ਵਿੱਚ ਜੰਮੀ ਬਰਫ਼ ਨੂੰ ਹਟਾ ਕੇ ਰਾਹ ਤਿਆਰ ਕਰਨ ਲਈ ਅੱਜ ਫੌਜ ਦੇ ਜਵਾਨ ਤੇ ਗੁਰਦੁਆਰੇ ਦੇ ਸੇਵਾਦਾਰਾਂ ਦਾ ਇੱਕ ਜਥਾ ਗੁਰਦੁਆਰਾ ਗੋਬਿੰਦਘਾਟ ਵਿੱਚ ਅਰਦਾਸ ਉਪਰੰਤ ਰਵਾਨਾ ਹੋਇਆ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 23 ਮਈ ਨੂੰ ਸੰਗਤ ਵਾਸਤੇ ਖੋਲ੍ਹਣ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ। ਭਾਰਤੀ ਫੌਜ ਦੀ 418ਵੀਂ ਮਾਊਂਟੇਨ ਬ੍ਰਿਗੇਡ ਦੀ ਇੱਕ ਟੁਕੜੀ ਅਤੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਵਾਲੰਟੀਅਰ ਅਰਦਾਸ ਤੋਂ ਬਾਅਦ ਗੋਬਿੰਦਘਾਟ ਤੋਂ ਰਵਾਨਾ ਹੋਏ ਅਤੇ ਹੇਮਕੁੰਟ ਸਾਹਿਬ ਟ੍ਰੈਕ ਰੂਟ ਤੋਂ ਬਰਫ਼ ਹਟਾਉਣੀ ਸ਼ੁਰੂ ਕਰ ਦਿੱਤੀ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀ ਈ ਓ ਸੇਵਾ ਸਿੰਘ ਨੇ ਦੱਸਿਆ ਕਿ ਲਗਪਗ ਇੱਕ ਹਫ਼ਤਾ ਪਹਿਲਾਂ ਇੱਕ ਖੋਜੀ ਟੀਮ ਨੇ ਰਸਤੇ ਦਾ ਸਰਵੇਖਣ ਕੀਤਾ ਸੀ। ਸਰਵੇਖਣ ਦੌਰਾਨ ਹੇਮਕੁੰਟ ਸਾਹਿਬ ਅਤੇ ਅਟਲਕੋਟੀ ਗਲੇਸ਼ੀਅਰ ਖੇਤਰਾਂ ਵਿੱਚ 8 ਫੁੱਟ ਤੋਂ ਵੱਧ ਬਰਫ਼ ਪਾਈ ਗਈ ਸੀ।
Posted inAmritsar