ਗੁਹਾਟੀ: ਇੱਥੇ ਖੇਡੇ ਗਏ ਆਈਪੀਐਲ ਦੇ ਇਕ ਮੈਚ ਵਿਚ ਅੱਜ ਰਾਜਸਥਾਨ ਰੌਇਲਜ਼ ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਰਾਜਸਥਾਨ ਨੇ 18 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਜੇਤੂ ਟੀਚਾ ਹਾਸਲ ਕੀਤਾ। ਇਸ ਤੋਂ ਪਹਿਲਾਂ ਰੌਇਲ ਚੈਲੰਜਰਜ਼ ਬੰਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 201 ਦੌੜਾਂ ਬਣਾਈਆਂ। ਟੀਮ ਵਲੋਂ ਸਭ ਤੋਂ ਵੱਧ ਦੌੜਾਂ ਕਪਤਾਨ ਰਜਤ ਨੇ ਬਣਾਈਆਂ। ਉਸ ਨੇ 40 ਗੇਂਦਾਂ ਵਿਚ 63 ਦੌੜਾਂ ਬਣਾਈਆਂ ਜਿਸ ਵਿਚ ਚਾਰ ਚੌਕੇ ਤੇ ਚਾਰ ਛੱਕੇ ਸ਼ਾਮਲ ਹਨ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 16 ਗੇਂਦਾਂ ਵਿਚ 32 ਦੌੜਾਂ ਤੇ ਵੈਂਕਟੇਸ਼ ਅਈਅਰ ਨੇ 15 ਗੇਂਦਾਂ ਵਿਚ 29 ਦੌੜਾਂ ਬਣਾਈਆਂ। ਉਸ ਨੇ ਇਕ ਚੌਕਾ ਤੇ ਦੋ ਛੱਕੇ ਜੜੇ। ਦੂਜੇ ਪਾਸੇ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਚੰਗੀ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਇਕ ਵਾਰ ਮੁੜ ਵੈਭਵ ਸੂਰਿਆਵੰਸ਼ੀ ਨੇ ਤੂਫਾਨੀ ਪਾਰੀ ਨਾਲ ਟੀਮ ਲਈ ਜਿੱਤ ਦੇ ਦਰਵਾਜ਼ੇ ਨੇੜੇ ਕਰ ਦਿੱਤੇ। ਉਸ ਨੇ ਮਹਿਜ਼ 26 ਗੇਂਦਾਂ ਵਿਚ ਤੇਜ਼ ਤਰਾਰ 78 ਦੌੜਾਂ ਬਣਾਈਆਂ ਜਿਸ ਵਿਚ 8 ਚੌਕੇ ਤੇ 7 ਛੱਕੇ ਸ਼ਾਮਲ ਹਨ। ਉਸ ਤੋਂ ਇਲਾਵਾ ਬੱਲੇਬਾਜ਼ ਤੇ ਵਿਕਟਕੀਪਰ ਧਰੁਵ ਜੁਰੇਲ ਨੇ ਵੀ ਸੂਰਿਆਵੰਸ਼ੀ ਦਾ ਪੂਰਾ ਸਾਥ ਦਿੱਤਾ। ਉਸ ਨੇ 43 ਗੇਂਦਾਂ ਵਿਚ 81 ਦੌੜਾਂ ਬਣਾਈਆਂ ਜਿਸ ਵਿਚ 8 ਚੌਕੇ ਤੇ 3 ਛੱਕੇ ਸ਼ਾਮਲ ਹਨ। ਰਾਜਸਥਾਨ ਦਾ ਸਲਾਮੀ ਬੱਲੇਬਾਜ਼ੀ ਯਸ਼ੱਸਵੀ ਜੈਸਵਾਲ ਭਾਵੇਂ ਜਲਦੀ ਸਿਰਫ 13 ਦੌੜਾਂ ਬਣਾ ਕੇ ਆਊਟ ਹੋ ਗਿਆ ਤੇ ਇਸ ਤੋਂ ਬਾਅਦ ਸ਼ਿਮਰੋਨ ਬਿਨਾਂ ਖਾਤਾ ਖੋਲਿਆਂ ਪੈਵੇਲੀਅਨ ਪਰਤ ਗਿਆ ਪਰ ਰਾਜਸਥਾਨ ਦੇ ਹੋਰ ਬੱਲੇਬਾਜ਼ੀ ਨੇ ਬਿਨਾਂ ਕਿਸੇ ਦਬਾਅ ਦੇ ਖੁੱਲ੍ਹ ਕੇ ਸ਼ਾਟ ਖੇਡੇ ਤੇ ਮੈਚ ਜਿੱਤ ਲਿਆ।
Posted inAssam
IPL 2026: ਸੂਰਿਆਵੰਸ਼ੀ ਦੀ ਤੂਫਾਨੀ ਪਾਰੀ ਸਦਕਾ Rajasthan Royals ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ ਛੇ ਵਿਕਟਾਂ ਨਾਲ ਹਰਾਇਆ

