ਅਮਰੀਕਾ ਅਤੇ ਇਰਾਨ ਦੇ ਡੈਲੀਗੇਟਾਂ ਦੇ ਪਹੁੰਚਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ

ਅਮਰੀਕਾ ਅਤੇ ਇਰਾਨ ਦੇ ਡੈਲੀਗੇਟਾਂ ਦੇ ਪਹੁੰਚਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ

ਇਰਾਨ ਜੰਗ ਵਿੱਚ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਬਾਵਜੂਦ ਕੁਵੈਤ ਨੇ ਇਰਾਨ ਅਤੇ ਉਸ ਦੇ ਪ੍ਰੌਕਸੀਜ਼ (ਸਹਿਯੋਗੀਆਂ) ’ਤੇ ਵੀਰਵਾਰ ਨੂੰ ਡਰੋਨ ਹਮਲੇ ਕਰਨ ਦੇ ਦੋਸ਼ ਲਗਾਏ ਹਨ, ਜਦਕਿ ਸਾਊਦੀ ਅਰਬ ਨੇ ਕਿਹਾ ਹੈ ਕਿ ਹਾਲ ਹੀ ਦੇ ਹਮਲਿਆਂ ਨੇ ਉਸ ਦੀ ਇੱਕ ਅਹਿਮ ਤੇਲ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਇਆ ਹੈ।

ਕੁਵੈਤ ਦੇ ਵਿਦੇਸ਼ ਮੰਤਰਾਲੇ ਨੇ ਸਰਕਾਰੀ ਨਿਊਜ਼ ਏਜੰਸੀ ‘ਕੁਨਾ’ ਰਾਹੀਂ ਜਾਰੀ ਬਿਆਨ ਵਿੱਚ ਕਿਹਾ ਕਿ ਇਹਨਾਂ ਹਮਲਿਆਂ ਨੇ ਕੁਵੈਤ ਦੀਆਂ ਕੁਝ ਮਹੱਤਵਪੂਰਨ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਨਾਲ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਹੋਣ ਵਾਲੀ ਅਗਲੀ ਗੱਲਬਾਤ ਤੋਂ ਪਹਿਲਾਂ ਜੰਗਬੰਦੀ ‘ਤੇ ਦਬਾਅ ਵਧ ਗਿਆ ਹੈ। ਦੂਜੇ ਪਾਸੇ, ਸਾਊਦੀ ਪ੍ਰੈਸ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਜੰਗ ਦੌਰਾਨ ਹੋਏ ਹਮਲੇ ਨੇ ਉਸਦੀ ਪੂਰਬ-ਪੱਛਮੀ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਇਆ ਹੈ, ਜੋ ਹੋਰਮੁਜ਼ ਜਲਮਾਰਗ ਤੋਂ ਬਚ ਕੇ ਲਾਲ ਸਾਗਰ ਤੱਕ ਤੇਲ ਪਹੁੰਚਾਉਣ ਲਈ ਵਰਤੀ ਜਾਂਦੀ ਹੈ। ਇਸ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲਾ ਨੂੰ ਨਿਹੱਥਾ ਕਰਨ ਲਈ ਲਿਬਨਾਨ ਨਾਲ ਸਿੱਧੀ ਗੱਲਬਾਤ ਦਾ ਅਧਿਕਾਰ ਦਿੱਤਾ ਹੈ, ਜੋ ਅਗਲੇ ਹਫ਼ਤੇ ਵਾਸ਼ਿੰਗਟਨ ਵਿੱਚ ਸ਼ੁਰੂ ਹੋ ਸਕਦੀ ਹੈ, ਹਾਲਾਂਕਿ ਉਨ੍ਹਾਂ ਨੇ ਸਾਫ਼ ਕੀਤਾ ਕਿ ਹਿਜ਼ਬੁੱਲਾ ਵਿਰੁੱਧ ਹਮਲੇ ਜਾਰੀ ਰਹਿਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਸੋਸ਼ਲ ਮੀਡੀਆ ‘ਤੇ ਇਰਾਨ ਵੱਲੋਂ ਹੋਰਮੁਜ਼ ਜਲਮਾਰਗ ਵਿੱਚ ਤੇਲ ਦੀ ਆਵਾਜਾਈ ‘ਚ ਰੁਕਾਵਟ ਪਾਉਣ ਅਤੇ ਟੋਲ ਵਸੂਲਣ ਦੀਆਂ ਰਿਪੋਰਟਾਂ ‘ਤੇ ਸਖ਼ਤ ਚਿਤਾਵਨੀ ਦਿੱਤੀ ਹੈ, ਜਦਕਿ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਜੰਗਬੰਦੀ ਨੂੰ ਆਪਣੀ ਜਿੱਤ ਦਾ ਹਿੱਸਾ ਦੱਸਿਆ ਹੈ। ਇਜ਼ਰਾਈਲ ਵੱਲੋਂ ਬੈਰੂਤ ਅਤੇ ਲਿਬਨਾਨ ਦੇ ਹੋਰ ਹਿੱਸਿਆਂ ਵਿੱਚ ਕੀਤੇ ਗਏ ਹਮਲਿਆਂ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਿਸ ਵਿੱਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

Share: