ਡੇਰਾਬੱਸੀ: ਡੇਰਾਬੱਸੀ ਵਿੱਚ ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਦੇ ਬਰਖਾਸਤ ਕਰਮਚਾਰੀਆਂ ਦੀ ਬਹਾਲੀ ਲਈ ਅੱਜ ਰੋਸ ਰੈਲੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਸਕੂਲ ਦੇ ਮੁੱਖ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਏਟਕ ਦੇ ਪ੍ਰਧਾਨ ਕਮਰੇਡ ਬੰਤ ਸਿੰਘ ਬਰਾੜ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਪਣੀ ਹੀ ਸਰਕਾਰ ਹੋਣ ਬਾਵਜੂਦ ਵਿਧਾਇਕ ਹਲਕੇ ਦੇ ਮਜ਼ਦੂਰਾਂ ਨੂੰ ਇਨਸਾਫ ਨਹੀਂ ਦੁਆ ਸਕੇ। ਪੱਕੇ ਕਰਮਚਾਰੀਆਂ ਨੂੰ ਹਟਾ ਕੇ ਠੇਕੇ ’ਤੇ ਨਵੀਂ ਭਰਤੀ ਗੈਰ-ਕਾਨੂੰਨੀ ਅਤੇ ਕਿਰਤੀਆਂ ਨਾਲ ਧੋਖਾ ਹੈ। ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ ਨੇ ਦੱਸਿਆ ਕਿ ਧਰਨਾ 12 ਮਾਰਚ ਤੋਂ 30ਵੇਂ ਦਿਨ ਵਿੱਚ ਪਹੁੰਚ ਗਿਆ।
ਸਕੂਲ ਪ੍ਰਬੰਧਨ ਨੇ ਰੈਲੀ ਨੂੰ ਨਾਕਾਮ ਕਰਨ ਲਈ ਛੁੱਟੀ ਕੀਤੀ ਅਤੇ ਮਾਪਿਆਂ ਨੂੰ ਸਕੂਲ ਵਿੱਚ ਮੁਰੰਮਤ ਚਲਦੀ ਹੋਣ ਦਾ ਬਹਾਨਾ ਬਣਾਇਆ। ਇਸ ਦੌਰਾਨ ਸਮੂਹ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਛੇਤੀ ਮੰਗਾਂ ਨਾ ਮੰਨੀਆਂ ਗਈਆਂ ਤਾਂ 21 ਅਪਰੈਲ ਨੂੰ ਬੱਸ ਅੱਡੇ ਤੋਂ ਵਿਧਾਇਕ ਦੇ ਪਿੰਡ ਤੱਕ ਪੈਦਲ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਕਟਾਈ ਕਾਰਨ ਪੱਕਾ ਮੋਰਚਾ ਮੁਲਤਵੀ ਕੀਤਾ ਗਿਆ ਹੈ ਪਰ ਸਕੂਲ ਗੇਟ ਦੇ ਬਾਹਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਧਰਨਾ ਜਾਰੀ ਰਹੇਗਾ। ਰੈਲੀ ਵਿੱਚ ਮਨਪ੍ਰੀਤ ਸਿੰਘ ਅਮਲਾਲਾ, ਰਣਜੀਤ ਸਿੰਘ ਭਗਵਾਸ, ਜਗਤਾਰ ਸਿੰਘ ਝਰਮਰੀ, ਗੁਰਪ੍ਰੀਤ ਸਿੰਘ ਭਾਖੋਵਾਲ ਅਤੇ ਹਰਜੀਤ ਸਿੰਘ ਉਗਰਾਹਾਂ ਸਣੇ ਵਰਕਰ ਹਾਜ਼ਰ ਸਨ।

