ਦੁਬਈ/ਵਾਸ਼ਿੰਗਟਨ: ਇਰਾਨ ਨੇ ਜੰਗਬੰਦੀ ਦੀ ਨਵੀਂ ਤਜਵੀਜ਼ ਰੱਦ ਕਰ ਦਿੱਤੀ ਹੈ। ਤਹਿਰਾਨ ਨੇ ਜੰਗ ਦੇ ਸਥਾਈ ਖ਼ਾਤਮੇ ਲਈ ਆਪਣਾ ਦਸ ਨੁਕਾਤੀ ਏਜੰਡਾ ਰੱਖਿਆ ਹੈ। ਤਹਿਰਾਨ ਨੇ ਇਹ ਫ਼ੈਸਲਾ ਅਜਿਹੇ ਮੌਕੇ ਕੀਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਇਰਾਨ ਨੂੰ ਦਿੱਤੀ 10 ਦਿਨਾਂ ਦੀ ਮੋਹਲਤ ਖ਼ਤਮ ਹੋਣ ਕੰਢੇ ਹੈ। ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ‘ਇਰਨਾ’ ਨੇ ਕਿਹਾ ਕਿ ਤਹਿਰਾਨ ਨੇ ਅਹਿਮ ਵਾਰਤਾਕਾਰ ਪਾਕਿਸਤਾਨ ਜ਼ਰੀਏ ਆਪਣੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵੱਲੋਂ ਤਜਵੀਜ਼ ਮਿਲਣ ਦੀ ਪੁਸ਼ਟੀ ਕਰਦਿਆਂ ਇਸ ਨੂੰ ‘ਨਾਕਾਫ਼ੀ’ ਦੱਸਿਆ ਹੈ। ਉਂਝ ਉਨ੍ਹਾਂ ਇਸ ਨੂੰ ‘ਅਹਿਮ ਪੇਸ਼ਕਦਮੀ’ ਕਰਾਰ ਦਿੱਤਾ ਹੈ। ਟਰੰਪ ਨੇ ਇਰਾਨ ਨੂੰ ਮੁੜ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਰਾਨ ਨੂੰ ਸਿਰਫ਼ ਇਕ ਰਾਤ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ ਤੇ ‘ਇਹ ਭਲਕੇ (ਮੰਗਲਵਾਰ) ਦੀ ਰਾਤ ਹੋ ਸਕਦੀ ਹੈ।’
ਏਜੰਸੀ ਮੁਤਾਬਕ ਤਹਿਰਾਨ ਦਾ ਦਸ ਨੁਕਾਤੀ ਏਜੰਡਾ ਸੰਘਰਸ਼ ਨੂੰ ਹੱਲ ਕਰਨ ਲਈ ਵਿਆਪਕ ਉਪਾਵਾਂ ਦੀ ਰੂਪ-ਰੇਖਾ ਪੇਸ਼ ਕਰਦਾ ਹੈ, ਜਿਸ ਵਿੱਚ ਖੇਤਰੀ ਦੁਸ਼ਮਣੀਆਂ ਨੂੰ ਖਤਮ ਕਰਨਾ, ਹਰਮੁਜ਼ ਜਲ ਮਾਰਗ ਰਾਹੀਂ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣਾ, ਪੁਨਰਗਠਨ ਯਤਨਾਂ ਨੂੰ ਸੁਖਾਲਾ ਬਣਾਉਣਾ ਅਤੇ ਇਸਲਾਮੀ ਗਣਰਾਜ ’ਤੇ ਲੱਗੀਆਂ ਕੌਮਾਂਤਰੀ ਪਾਬੰਦੀਆਂ ਹਟਾਉਣਾ ਸ਼ਾਮਲ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਾਰਤਾਕਾਰਾਂ ਜ਼ਰੀਏ ਆਈ 15 ਨੁਕਾਤੀ ਅਮਰੀਕੀ ਤਜਵੀਜ਼ ਇਕਪਾਸੜ ਤੇ ਹਕੀਕਤ ਤੋਂ ਕੋਹਾਂ ਦੂਰ ਹੈ, ਜਿਸ ਨੂੰ ਤਹਿਰਾਨ ਮਨਜ਼ੂਰ ਨਹੀਂ ਕਰ ਸਕਦਾ। ਮੰਤਰਾਲੇ ਨੇ ਕਿਹਾ ਕਿ ਤਹਿਰਾਨ ਨੇ ਆਪਣੀਆਂ ਸ਼ਰਤਾਂ ਨੂੰ ਸੰਕਲਿਤ ਤੇ ਰਸਮੀ ਰੂਪ ਦਿੱਤਾ ਹੈ। ਇਹ ਸ਼ਰਤਾਂ ਪੂਰੀਆਂ ਹੋਣ ’ਤੇ ਹੀ ਗੱਲਬਾਤ ਸ਼ੁਰੂ ਹੋਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਰਾਨ ਦੇ ਕੇਂਦਰੀ ਇਸਫ਼ਹਾਨ ਸ਼ਹਿਰ ਵਿੱਚ ‘ਪਾਇਲਟ ਨੂੰ ਬਚਾਉਣ’ ਦੇ ਅਮਰੀਕੀ ਮਿਸ਼ਨ’ ਦੌਰਾਨ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਮਿਸ਼ਨ ਦਾ ਉਦੇਸ਼ ਤਹਿਰਾਨ ਦੇ ਸੋਧੇ ਹੋਏ ਯੂਰੇਨੀਅਮ ਨੂੰ ਜ਼ਬਤ ਕਰਨਾ ਸੀ।
ਚੇਤੇ ਰਹੇ ਕਿ ਜੰਗ ਰੋਕਣ ਦੇ ਯਤਨਾਂ ਵਿੱਚ ਲੱਗੇ ਵਾਰਤਾਕਾਰਾਂ ਨੇ ਇਰਾਨ ਤੇ ਅਮਰੀਕਾ ਅੱਗੇ ਨਵੀਂ ਤਜਵੀਜ਼ ਰੱਖੀ ਸੀ। ਮਿਸਰ, ਪਾਕਿਸਤਾਨ ਤੇ ਤੁਰਕੀ ਦੇ ਵਾਰਤਾਕਾਰਾਂ ਵੱਲੋਂ ਭੇਜੇ ਖਰੜੇ ਵਿੱਚ 45 ਦਿਨਾਂ ਲਈ ਜੰਗਬੰਦੀ ਅਤੇ ਹਰਮੁਜ਼ ਜਲ ਮਾਰਗ ਖੋਲ੍ਹਣ ਦਾ ਸੁਝਾਅ ਦਿੱਤਾ ਗਿਆ ਸੀ ਤਾਂ ਕਿ ਇਸ ਅਰਸੇ ਦੌਰਾਨ ਜੰਗ ਖ਼ਤਮ ਕਰਨ ਬਾਰੇ ਕੋਈ ਰਾਹ ਕੱਢਿਆ ਜਾ ਸਕੇ। ਇਹ ਖਰੜਾ ਤਜਵੀਜ਼ ਐਤਵਾਰ ਦੇਰ ਰਾਤ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਤੇ ਪੱਛਮੀ ਏਸ਼ੀਆ ਵਿੱਚ ਅਮਰੀਕੀ ਦੂਤ ਸਟੀਵ ਵਿਟਕੌਫ ਨੂੰ ਭੇਜੀ ਗਈ ਹੈ।
ਕਾਹਿਰਾ ਵਿੱਚ ਇਰਾਨੀ ਕੂਟਨੀਤਕ ਮਿਸ਼ਨ ਦੇ ਮੁਖੀ ਮੁਜਤਬਾ ਫਿਰਦੌਸੀ ਪੌਰ ਨੇ ਕਿਹਾ, ‘‘ਅਸੀਂ ਸਿਰਫ਼ ਜੰਗਬੰਦੀ ਨੂੰ ਸਵੀਕਾਰ ਨਹੀਂ ਕਰ ਸਕਦੇ। ਅਸੀਂ ਸਿਰਫ਼ ਇਸ ਗਾਰੰਟੀ ਨਾਲ ਜੰਗ ਦੇ ਖ਼ਾਤਮੇ ਨੂੰ ਸਵੀਕਾਰ ਕਰਾਂਗੇ ਕਿ ਸਾਡੇ ਉੱਤੇ ਮੁੜ ਹਮਲਾ ਨਹੀਂ ਕੀਤਾ ਜਾਵੇਗਾ।’’ ਟਰੰਪ ਚਾਹੁੰਦਾ ਹੈ ਕਿ ਤਹਿਰਾਨ ਹਰਮੁਜ਼ ਜਲ ਮਾਰਗ ਖੋਲ੍ਹੇ ਜਾਂ ਫਿਰ ਆਪਣੇ ਪਾਵਰ ਪਲਾਟਾਂ ਤੇ ਪੁਲਾਂ ’ਤੇ ਅਮਰੀਕੀ ਹਮਲਿਆਂ ਦੀ ਤਾਕਤ ਨੂੰ ਦੇਖੇ। ਪੌਰ ਨੇ ਕਿਹਾ ਕਿ ਇਰਾਨ ਤੇ ਓਮਾਨ ਦੇ ਅਧਿਕਾਰੀ ਸ਼ਿਪਿੰਗ ਚੋਕਪੁਆਇੰਟ ਭਾਵ ਹਰਮੁਜ਼ ਜਲ ਮਾਰਗ ਦੇ ਪ੍ਰਬੰਧਨ ਲਈ ਇੱਕ ਚੌਖਟੇ ’ਤੇ ਕੰਮ ਕਰ ਰਹੇ ਸਨ। ਇਰਾਨ ਨੇ ਉਪਰੋਕਤ ਤਜਵੀਜ਼ ਅਜਿਹੇ ਮੌਕੇ ਰੱਦ ਕੀਤੀ ਹੈ ਜਦੋਂ ਇਜ਼ਰਾਈਲ ਨੇ ਦੱਖਣੀ ਫ਼ਾਰਸ ਕੁਦਰਤੀ ਗੈਸ ਖੇਤਰ ਵਿੱਚ ਅਹਿਮ ਪੈਟਰੋਕੈਮੀਕਲ ਪਲਾਂਟ ’ਤੇ ਹਮਲਾ ਕੀਤਾ ਹੈ ਤੇ ਇਰਾਨ ਦੇ ਨੀਮ ਫ਼ੌਜੀ ਰੈਵੋਲਿਊਸ਼ਨਰੀ ਗਾਰਡ ਕਮਾਂਡਰਾਂ ਮੇਜਰ ਜਨਰਲ ਮਾਜਿਦ ਖਾਦਮੀ ਤੇ ਅਸਗ਼ਰ ਬਾਕਰੀ ਨੂੰ ਮਾਰ ਮੁਕਾਇਆ ਹੈ।
ਇਜ਼ਰਾਈਲ ਤੇ ਅਮਰੀਕਾ ਵੱਲੋਂ ਸੋਮਵਾਰ ਸਵੇਰੇ ਇਰਾਨ ’ਤੇ ਕੀਤੇ ਹਮਲਿਆਂ ਵਿੱਚ ਤਹਿਰਾਨ ਦੇ ਨੇੜੇ ਤੇੜੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 25 ਤੋਂ ਵੱਧ ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਇਰਾਨ ਨੇ ਵੀ ਜਵਾਬੀ ਹਮਲੇ ਵਿੱਚ ਇਜ਼ਰਾਈਲ ਤੇ ਖਾੜੀ ਵਿਚਲੇ ਆਪਣੇ ਗੁਆਂਢੀ ਅਰਬ ਮੁਲਕਾਂ ’ਤੇ ਮਿਜ਼ਾਈਲਾਂ ਦਾਗ਼ੀਆਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨੂੰ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਦਿੱਤੀ ਮਿਆਦ ਵੀ ਮੰਗਲਵਾਰ ਨੂੰ ਮੁੱਕਣ ਕੰਢੇ ਹੈ।
ਇਜ਼ਰਾਈਲ ਤੇ ਅਮਰੀਕਾ ਨੇ ਸੋਮਵਾਰ ਸਵੇਰੇ ਰਾਜਧਾਨੀ ਤਹਿਰਾਨ ਤੇ ਨੇੜਲੇ ਇਲਾਕਿਆਂ ’ਤੇ ਹਵਾਈ ਹਮਲੇ ਕੀਤੇ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਲੈਫਟੀਨੈਂਟ ਕਰਨਲ ਨਾਦਵ ਸ਼ੋਸ਼ਾਨੀ ਨੇ ਅਸਗ਼ਰ ਬਾਕੇਰੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇਜ਼ਰਾਈਲ, ਸੀਰੀਆ ਤੇ ਲੈਬਨਾਨ ਵਿੱਚ ਵੱਖ ਵੱਖ ਕਾਰਵਾਈਆਂ ’ਚ ਸ਼ਾਮਲ ਸੀ। ਹਮਲੇ ’ਚ ਤਹਿਰਾਨ ਦੀ ਸ਼ਰੀਫ਼ ਯੂਨੀਵਰਸਿਟੀ ਆਫ਼ ਤਕਨਾਲੋਜੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਰਾਨੀ ਮੀਡੀਆ ਮੁਤਾਬਕ ਹਮਲੇ ਵਿੱਚ ਕੈਂਪਸ ਨੇੜਲੀਆਂ ਇਮਾਰਤਾਂ ਤੇ ਕੁਦਰਤੀ ਗੈਸ ਡਿਸਟ੍ਰੀਬਿਊਸ਼ਨ ਸਾਈਟ ਨੂੰ ਨੁਕਸਾਨ ਪੁੱਜਾ। ਤਹਿਰਾਨ ਦੇ ਦੱਖਣ-ਪੱਛਮ ਵਿੱਚ ਇਸਲਾਮਸ਼ਹਿਰ ਨੇੜੇ ਹਮਲੇ ਵਿੱਚ ਘੱਟੋ-ਘੱਟ 15 ਵਿਅਕਤੀ ਮਾਰੇ ਗਏ। ਕੌਮ ਸ਼ਹਿਰ ਵਿੱਚ ਰਿਹਾਇਸ਼ੀ ਇਲਾਕੇ ਉੱਤੇ ਹਮਲੇ ਵਿੱਚ ਪੰਜ ਵਿਅਕਤੀਆਂ ਜਦੋਂਕਿ ਹੋਰਨਾਂ ਸ਼ਹਿਰਾਂ ’ਤੇ ਹਮਲਿਆਂ ਵਿੱਚ ਛੇ ਜਣਿਆਂ ਦੀ ਜਾਨ ਜਾਂਦੀ ਰਹੀ। ਤਹਿਰਾਨ ਵਿੱਚ ਇਕ ਘਰ ’ਤੇ ਹਵਾਈ ਹਮਲੇ ’ਚ ਤਿੰਨ ਹੋਰਾਂ ਦੀ ਮੌਤ ਹੋ ਗਈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਫ਼ਤੇ ਇਰਾਨ ਦੇ ਪੁਲਾਂ ਤੇ ਬਿਜਲੀ ਪਲਾਂਟਾਂ ਉੱਤੇ ਬੰਬਾਰੀ ਦੀ ਧਮਕੀ ਦਿੱਤੀ ਹੈ। ਟਰੰਪ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਮੰਗਲਵਾਰ ‘ਪਾਵਰ ਪਲਾਂਟ ਡੇਅ ਤੇ ਬ੍ਰਿਜ ਡੇਅ ਹੋਵੇਗਾ… ਇਰਾਨ ਵਿੱਚ ਇਕੋ ਦਿਨ ’ਚ ਸਭ ਕੁਝ ਸਮੇਟ ਦੇਵਾਂਗੇ।’
ਦੋ ਹੋਰ ਐੱਲ ਪੀ ਜੀ ਟੈਂਕਰ ਹਰਮੁਜ਼ ਪਾਰ ਕਰ ਕੇ ਭਾਰਤ ਲਈ ਰਵਾਨਾ
ਨਵੀਂ ਦਿੱਲੀ: ਭਾਰਤੀ ਝੰਡੇ ਵਾਲੇ ਦੋ ਹੋਰ ਐੱਲ ਪੀ ਜੀ ਟੈਂਕਰ ਸਫਲਤਾਪੂਰਵਕ ਹਰਮੁਜ਼ ਜਲ ਮਾਰਗ ਪਾਰ ਕਰ ਕੇ ਵਤਨ ਲਈ ਰਵਾਨਾ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਫ਼ਾਰਸ ਦੀ ਖਾੜੀ ’ਚ 16 ਹੋਰ ਬੇੜੇ ਹਾਲੇ ਵੀ ਫਸੇ ਹੋਏ ਹਨ। ਹੁਣ ਤੱਕ 8 ਐੱਲ ਪੀ ਜੀ ਟੈਂਕਰ ਰਣਨੀਤਕ ਤੌਰ ’ਤੇ ਅਹਿਮ ਜਲ ਮਾਰਗ ’ਚੋਂ ਸੁਰੱਖਿਅਤ ਲੰਘ ਚੁੱਕੇ ਹਨ। ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਦੱਸਿਆ ਕਿ 46650 ਟਨ ਐੱਲ ਪੀ ਜੀ ਨਾਲ ਭਰੇ ਟੈਂਕਰ ‘ਗਰੀਨ ਸਾਨਵੀ’ ਦੇ ਭਲਕੇ ਭਾਰਤੀ ਬੰਦਰਗਾਹ ’ਤੇ ਪੁੱਜਣ ਦੀ ਉਮੀਦ ਹੈ ਜਦਕਿ ‘ਗਰੀਨ ਆਸ਼ਾ’ 9 ਅਪਰੈਲ ਨੂੰ ਪਹੁੰਚ ਸਕਦਾ ਹੈ। ਉਸ ’ਚ 15500 ਟਨ ਐੱਲ ਪੀ ਜੀ ਭਰੀ ਹੋਈ ਹੈ। ਪੱਛਮੀ ਏਸ਼ੀਆ ’ਚ ਜੰਗ ਦਰਮਿਆਨ ਭਾਰਤੀ ਜਹਾਜ਼ਾਂ ਦੀ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਦੇ ਆਵਾਜਾਈ ਜਾਰੀ ਹੈ; ਭਾਰਤੀ ਝੰਡੇ ਵਾਲੇ 16 ਜਹਾਜ਼ ਅਤੇ 433 ਮਲਾਹ ਖ਼ਿੱਤੇ ’ਚ ਹਾਲੇ ਵੀ ਫਸੇ ਹੋਏ ਹਨ। ਇਨ੍ਹਾਂ ’ਚੋਂ ਇਕ ਬੇੜੇ ’ਚ ਐੱਲ ਐੱਨ ਜੀ ਜਦਕਿ ਦੋ ’ਚ ਐੱਲ ਪੀ ਜੀ ਭਰੀ ਹੋਈ ਹੈ। ਇਰਾਨ ਵੱਲੋਂ ਹਰਮੁਜ਼ ਜਲ ਮਾਰਗ ’ਚੋਂ ਲਾਂਘੇ ਲਈ ਫੀਸ ਵਸੂਲੇ ਜਾਣ ਦੀਆਂ ਰਿਪੋਰਟਾਂ ਬਾਰੇ ਪੁੱਛੇ ਜਾਣ ’ਤੇ ਮੰਗਲ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕਿਸੇ ਅਦਾਇਗੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
