ਮੁਹਾਲੀ: ਮੁੱਲਾਂਪੁਰ ਗਰੀਬਦਾਸ ਦੇ ਬਾਜ਼ਾਰ ਵਿੱਚ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਆਪਣੀ ਪਤਨੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਘਰੇਲੂ ਵਿਵਾਦ ਦੇ ਚੱਲਦਿਆਂ ਵਾਪਰੀ ਇਸ ਘਟਨਾ ਵਿੱਚ 30 ਸਾਲਾ ਪ੍ਰਿਅੰਕਾ ਗੰਭੀਰ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਤੁਰੰਤ ਇਲਾਜ ਲਈ ਜੀ.ਐੱਮ.ਐੱਸ.ਐੱਚ. (ਸੈਕਟਰ-16), ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪ੍ਰਿਅੰਕਾ ਇੱਕ ਕੱਪੜਿਆਂ ਦੀ ਦੁਕਾਨ ’ਤੇ ਸੇਲਜ਼ਵੁਮੈਨ ਵਜੋਂ ਕੰਮ ਕਰਦੀ ਹੈ। ਅੱਜ ਸਵੇਰੇ ਜਿਵੇਂ ਹੀ ਉਹ ਆਪਣੀ ਡਿਊਟੀ ’ਤੇ ਪਹੁੰਚੀ, ਤਾਂ ਉਸ ਦੇ ਪਤੀ ਹੀਰਾ ਲਾਲ ਨੇ ਗੁੱਸੇ ਵਿੱਚ ਆ ਕੇ ਉਸ ਦੀ ਪਿੱਠ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਮੁਸਤੈਦੀ ਦਿਖਾਉਂਦਿਆਂ ਮੁਲਜ਼ਮ ਹੀਰਾ ਲਾਲ ਨੂੰ ਕਾਬੂ ਕਰ ਲਿਆ ਅਤੇ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਅਣਬਣ ਚੱਲ ਰਹੀ ਸੀ। ਪ੍ਰਿਅੰਕਾ ਆਪਣੇ ਬੇਟੇ ਨਾਲ ਖੁੱਡਾ ਲਾਹੋਰਾ ਵਿਖੇ ਰਹਿ ਰਹੀ ਹੈ, ਜਦੋਂਕਿ ਉਸ ਦਾ ਪਤੀ ਮਨੀਮਾਜਰਾ ਵਿੱਚ ਰਹਿੰਦਾ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
