ਅੰਮ੍ਰਿਤਸਰ: ਪੰਜਾਬ ਰਾਜ ਗੁਦਾਮ ਨਿਗਮ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਭਾਜਪਾ ਇਨਸਾਫ਼ ਪ੍ਰਾਪਤੀ ਦੀ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰੇਗੀ। ਉਨ੍ਹਾਂ ਆਖਿਆ ਕਿ ਜਲਦੀ ਹੀ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇਗੀ। ਉਹ ਅੱਜ ਇੱਥੇ ਪੀੜਤ ਪਰਿਵਾਰ ਦੇ ਘਰ ਹੌਸਲਾ ਦੇਣ ਪੁੱਜੇ ਸਨ। ਕੱਲ੍ਹ ਭਾਜਪਾ ਵੱਲੋਂ ਇੱਥੇ ਅੰਮ੍ਰਿਤਸਰ ਵਿੱਚ ਇਸ ਮਾਮਲੇ ’ਚ ਸੀ ਬੀ ਆਈ ਜਾਂਚ ਦੀ ਮੰਗ ਲਈ ਧਰਨਾ ਵੀ ਦਿੱਤਾ ਗਿਆ ਸੀ ਜਿਸ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਨੇ ਸ਼ਮੂਲੀਅਤ ਕੀਤੀ ਸੀ। ਅੱਜ ਪੀੜਤ ਪਰਿਵਾਰ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਆਖਿਆ ਕਿ ਇਸ ਮਾਮਲੇ ਦੀ ਜਲਦੀ ਹੀ ਸੀ ਬੀ ਆਈ ਜਾਂਚ ਹੋਵੇਗੀ। ਉਨ੍ਹਾਂ ਆਖਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਮਲੇ ਸਬੰਧੀ ਸੰਸਦ ’ਚ ਭਰੋਸਾ ਦਿੱਤਾ ਹੈ ਕਿ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਮੰਗ ਕਰਨ ’ਤੇ ਸੀ ਬੀ ਆਈ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੀ ਬੀ ਆਈ ਜਾਂਚ ਸ਼ੁਰੂ ਹੋਣ ’ਤੇ ਨਾ ਸਿਰਫ਼ ‘ਆਪ’ ਆਗੂ ਸਗੋਂ ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਵੀ ਇਸ ਕੇਸ ਵਿੱਚ ਸ਼ਿਕੰਜੇ ਹੇਠ ਆਉਣਗੇ, ਜਿਨ੍ਹਾਂ ਨੇ ਸਮਾਂ ਰਹਿੰਦਿਆਂ ਕਾਰਵਾਈ ਨਹੀਂ ਕੀਤੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪਰਿਵਾਰ ਵੱਲੋਂ ਕੀਤੀ ਗਈ ਅਪੀਲ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੀ ਬੀ ਆਈ ਜਾਂਚ ਸਬੰਧੀ ਮੰਗ ਵਾਲੇ ਪੱਤਰ ’ਤੇ ਦਸਤਖ਼ਤ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਕਾਂਗਰਸ ਦਾ ਦੋਗਲਾ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ। ਬਿੱਟੂ ਨੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਆਖਿਆ ਕਿ ਉਨ੍ਹਾਂ ਵੀ ਹੁਣ ਤੱਕ ਇਸ ਮਾਮਲੇ ਵਿੱਚ ਸੀ ਬੀ ਆਈ ਜਾਂਚ ਦੀ ਮੰਗ ਨਹੀਂ ਕੀਤੀ। ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਆਖਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ, ਉਸ ਦੇ ਨਿੱਜੀ ਸਹਾਇਕ ਦਿਲਬਾਗ ਸਿੰਘ ਤੇ ਹੋਰਨਾਂ ਨੂੰ ਹੁਣ ਤੱਕ ਕਿਉਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਮਾਮਲੇ ਵਿੱਚ ਹੁਣ ਤੱਕ ਹਰ ਪੱਧਰ ’ਤੇ ਜਾਣ ਬੁਝ ਕੇ ਦੇਰ ਕੀਤੀ ਗਈ ਹੈ।
Posted inAmritsar
ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇਗੀ: Ravneet Bittu

