ਪਠਾਣਮਾਜਰਾ ਦੇ ਰਿਮਾਂਡ ’ਚ ਇਕ ਦਿਨ ਦਾ ਵਾਧਾ

ਪਠਾਣਮਾਜਰਾ ਦੇ ਰਿਮਾਂਡ ’ਚ ਇਕ ਦਿਨ ਦਾ ਵਾਧਾ

ਪਟਿਆਲਾ: ਪਟਿਆਲਾ ਪੁਲੀਸ ਵੱਲੋਂ ਬੀਤੇ ਦਿਨੀਂ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤੇ ਹਲਕਾ ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਸੱਤ ਰੋਜ਼ਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਮੁੜ ਇੱਥੋਂ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਹਰਮੀਤ ਪਠਾਣਮਾਜਰਾ ਨੂੰ ਇੱਕ ਦਿਨ ਦੇ ਹੋਰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਠਾਣਮਾਜਰਾ ਨੇ ਪਿਛਲੇ ਸਾਲ ਹੜ੍ਹਾਂ ਦੌਰਾਨ ਆਪਣੀ ਹੀ ਸਰਕਾਰ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ ਅਤੇ ਸਰਕਾਰ ਨੇ ਉਸ ਤੋਂ ਸਾਰੀਆਂ ਸ਼ਕਤੀਆਂ ਵਾਪਸ ਲੈ ਲਈਆਂ ਸਨ। ਇਥੋਂ ਤੱਕ ਕਿ ਰਣਜੋਧ ਹਡਾਣਾ ਨੂੰ ਹਲਕਾ ਇੰਚਾਰਜ ਵੀ ਲਾ ਦਿੱਤਾ ਸੀ। ਇਸ ਤੋਂ ਅਗਲੇ ਹੀ ਦਿਨ ਪਠਾਣਮਾਜਰਾ ਖ਼ਿਲਾਫ਼ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਕੇਸ ’ਚ ਭਾਵੇਂ ਪੁਲੀਸ ਨੇ ਉਸ ਨੂੰ ਹਰਿਆਣਾ ਤੋਂ ਫੜ ਵੀ ਲਿਆ ਸੀ, ਪਰ ਉਹ ਪੁਲੀਸ ਹਿਰਾਸਤ ’ਚੋਂ ਫਰਾਰ ਹੋ ਗਿਆ ਤੇ ਫਿਰ ਆਸਟਰੇਲੀਆ ਜਾ ਪੁੱਜਾ। ਪਿਛਲੇ ਮਹੀਨੇ ਵਾਪਸ ਪਰਤਣ ’ਤੇ ਉਸ ਨੂੰ ਪੁਲੀਸ ਨੇ ਮੁੜ ਕਾਬੂ ਕਰ ਲਿਆ। ਇਸ ਤਰ੍ਹਾਂ ਹੁਣ ਉਸ ਦਾ ਤੀਜੀ ਵਾਰ ਪੁਲੀਸ ਰਿਮਾਂਡ ਮਿਲਿਆ ਹੈ, ਜਿਸ ਦੀ ਮਿਆਦ ਖਤਮ ਹੋਣ ’ਤੇ ਹੁਣ 6 ਅਪਰੈਲ ਨੂੰ ਵਿਧਾਇਕ ਨੂੰ ਮੁੜ ਤੋਂ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Share: