ਸੀ ਬੀ ਐੱਸ ਈ ਨੇ ਨਵੇਂ ਵਿਦਿਅਕ ਸੈਸ਼ਨ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਵਿਸਾਰਿਆ

ਸੀ ਬੀ ਐੱਸ ਈ ਨੇ ਨਵੇਂ ਵਿਦਿਅਕ ਸੈਸ਼ਨ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਵਿਸਾਰਿਆ

ਚੰਡੀਗਡ਼੍ਹ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਵਿਦਿਅਕ ਸੈਸ਼ਨ 2026-27 ਲਈ ਨਵਾਂ ਪਾਠਕ੍ਰਮ ਜਾਰੀ ਕਰ ਦਿੱਤਾ ਹੈ। ਨਵੇਂ ਨਿਯਮਾਂ ਅਨੁਸਾਰ ਛੇਵੀਂ ਜਮਾਤ ਤੋਂ ਤਿੰਨ ਭਾਸ਼ਾਵਾਂ ਵਾਲਾ ਫਾਰਮੂਲਾ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਅਤੇ ਵਿਗਿਆਨ ਦੇ ਵਿਸ਼ਿਆਂ ਵਿੱਚ ਦੋ ਪੱਧਰੀ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਬੋਰਡ ਨੇ ਪੰਜਾਬੀ ਭਾਸ਼ਾ ਨੂੰ ਹਾਲੇ ਤੱਕ ਵਿਸਾਰਿਆ ਹੋਇਆ ਹੈ।

ਬੋਰਡ ਨੇ ਇਸ ਵਾਰ ਨਾ ਤਾਂ ਪੰਜਾਬੀ ਦਾ ਸਿਲੇਬਸ ਬਦਲਿਆ ਹੈ ਅਤੇ ਨਾ ਹੀ ਨਵੀਆਂ ਪੁਸਤਕਾਂ ਲਿਆਂਦੀਆਂ ਹਨ ਜਿਸ ਕਾਰਨ ਅਧਿਆਪਕਾਂ ਤੇ ਪੰਜਾਬੀ ਪਾੜ੍ਹਿਆਂ ਵਿਚ ਰੋਸ ਹੈ। ਪੰਜਾਬ ਤੇ ਦਿੱਲੀ ਦੇ ਪੰਜਾਬੀ ਦੇ ਅਧਿਆਪਕਾਂ ਨੇ ਦੋਸ਼ ਲਾਇਆ ਹੈ ਕਿ ਪੰਜਾਬੀ ਦੀਆਂ ਪੁਸਤਕਾਂ ਸਮੇਂ ਦੇ ਹਾਣ ਅਤੇ ਇਲੈਕਟਿਵ ਤੇ ਕੋਰ ਦੇ ਵਿਸ਼ੇ ਨਾ ਹੋਣ ਕਾਰਨ ਅਧਿਆਪਕਾਂ ਦੀਆਂ ਨਵੀਆਂ ਅਸਾਮੀਆਂ ਵਿਚ ਮੌਜੂਦਾ ਸਿਲੇਬਸ ਅਨੁਸਾਰ ਪੜ੍ਹਾਈ ਕਰਨ ਵਾਲੇ ਯੋਗ ਹੀ ਨਹੀਂ ਸਮਝੇ ਜਾਂਦੇ। ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਨੇ ਕਿਹਾ ਕਿ ਜੋ ਪੰਜਾਬੀ ਪੜ੍ਹਾਈ ਜਾ ਰਹੀ ਹੈ, ਉਹ ਆਮ ਪੰਜਾਬੀ ਹੁੰਦੀ ਹੈ ਪਰ ਸਟਾਫ ਸਿਲੈਕਸ਼ਨ ਵਿਚ ਪੰਜਾਬੀ ਦੇ ਅਧਿਆਪਕ ਤੇ ਕਈ ਹੋਰ ਨੌਕਰੀਆਂ ਵਿਚ ਪੰਜਾਬੀ ਇਲੈਕਟਿਵ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਪੰਜਾਬ ਬੋਰਡ ਦੀਆਂ ਪੁਸਤਕਾਂ ਅਪਣਾਉਂਦਾ ਹੈ ਸੀ ਬੀ ਐੱਸ ਈ

ਸੀ ਬੀ ਐੱਸ ਈ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਪੰਜਾਬੀ ਦੀਆਂ ਪੁਸਤਕਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਅਪਣਾਉਂਦਾ ਹੈ। ਅਧਿਆਪਕਾਂ ਨੇ ਦੱਸਿਆ ਇਸ ਵੇਲੇ ਇਲੈਕਟਿਵ ਤੇ ਕੋਰ ਦਾ ਜ਼ਮਾਨਾ ਹੈ ਅਤੇ ਸੰਸਕ੍ਰਿਤ ਤੇ ਅੰਗਰੇਜ਼ੀ ਵਿਚ ਵੀ ਇਲੈਕਟਿਵ ਤੇ ਕੋਰ ਪੜ੍ਹਾਈ ਜਾਂਦੀ ਹੈ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀ ਬੀ ਐੱਸ ਈ ਨੂੰ ਸਿਰਫ ਜਨਰਲ ਪੰਜਾਬੀ ਦੀ ਪੁਸਤਕ ਹੀ ਦਿੱਤੀ ਜਾ ਰਹੀ ਹੈ।

ਸੀ ਬੀ ਐੱਸ ਈ ਦੀ ਮੰਗ ਅਨੁਸਾਰ ਹੀ ਪੁਸਤਕਾਂ ਦਿੱਤੀਆਂ: ਪੰਜਾਬ ਬੋਰਡ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਸਕੱਤਰ ਅਕਾਦਮਿਕ ਸੰਦੀਪ ਵਰਮਾ ਨੇ ਦੱਸਿਆ ਕਿ ਐੱਨ ਸੀ ਈ ਆਰ ਟੀ ਦੀ ਮੰਗ ਅਨੁਸਾਰ ਹੀ ਬੋਰਡ ਨੇ ਪੁਸਤਕਾਂ ਮੁਹੱਈਆ ਕਰਵਾਈਆਂ ਹਨ ਤੇ ਸੀ ਬੀ ਐੱਸ ਈ ਵੱਲੋਂ ਜਲਦੀ ਹੀ ਪੰਜਾਬੀ ਦੀਆਂ ਨਵੀਆਂ ਪੁਸਤਕਾਂ ਤਿਆਰ ਕਰਵਾਉਣ ਦੀ ਜਾਣਕਾਰੀ ਮਿਲੀ ਹੈ। ਸੀ ਬੀ ਐੱਸ ਈ ਦੇ ਜੇ ਟੀ ਓ ਪਿਊਸ਼ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ।

ਇਲੈਕਟਿਵ ਦੀ ਪੁਸਤਕ ਔਖੀ ਹੋਣ ਕਾਰਨ ਆ ਰਹੀ ਸਮੱਸਿਆ: ਮਾਹਿਰ

ਪੰਜਾਬੀ ਭਾਸ਼ਾ ਦੇ ਇਕ ਵਿਸ਼ਾ ਮਾਹਿਰ ਨੇ ਦੱਸਿਆ ਕਿ ਪੰਜਾਬ ਦੇ ਵਿਦਿਆਰਥੀ ਸ਼ੁਰੂ ਤੋਂ ਪੰਜਾਬੀ ਪੜ੍ਹਦੇ ਹਨ ਤੇ ਉਨ੍ਹਾਂ ਨੂੰ ਇਲੈਕਟਿਵ ਪੜ੍ਹਨਾ ਔਖਾ ਨਹੀਂ ਹੁੰਦਾ ਜਦਕਿ ਸੀ ਬੀ ਐੱਸ ਈ ਦੇ ਸਕੂਲਾਂ ਵਿਚ ਜੇ ਨੌਵੀਂ ਜਮਾਤ ਤੋਂ ਇਲੈਕਟਿਵ ਲਗਦੀ ਹੈ ਤਾਂ ਵਿਦਿਆਰਥੀਆਂ ਨੂੰ ਪੜ੍ਹਨ ਵਿਚ ਮੁਸ਼ਕਲ ਆਉਂਦੀ ਹੈ ਜਿਸ ਕਰ ਕੇ ਜਨਰਲ ਪੰਜਾਬੀ ਦੀ ਸਮੱਗਰੀ ਹੀ ਪੜ੍ਹਾਈ ਜਾਂਦੀ ਹੈ।

Share: