ਯੂ ਡੀ ਐੱਫ ਦੀ ਸਿਹਤ ਬੀਮਾ ਯੋਜਨਾ ਤੋਂ ‘ਯਮਰਾਜ’ ਖੁਸ਼ ਨਹੀਂ: ਰਾਹੁਲ

ਯੂ ਡੀ ਐੱਫ ਦੀ ਸਿਹਤ ਬੀਮਾ ਯੋਜਨਾ ਤੋਂ ‘ਯਮਰਾਜ’ ਖੁਸ਼ ਨਹੀਂ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਰਲਾ ’ਚ ਚੋਣ ਪ੍ਰਚਾਰ ਦੌਰਾਨ ਬੱਸ ’ਤੇ ਸਫ਼ਰ ਦੌਰਾਨ ‘ਯਮਰਾਜ’ ਨਾਲ ਮੁਲਾਕਾਤ ਕੀਤੀ। ਰਾਹੁਲ ਨੇ ਕਿਹਾ ਕਿ ਯੂ ਡੀ ਐੱਫ ਦੀ ਸਿਹਤ ਬੀਮਾ ਯੋਜਨਾ ਦੇ ਵਾਅਦੇ ਤੋਂ ‘ਯਮਰਾਜ’ ਉਨ੍ਹਾਂ ਤੋਂ ਅਤੇ ਯੂ ਡੀ ਐੱਫ ਦੇ ਆਗੂਆਂ ਤੋਂ ਨਾਖੁਸ਼ ਹੈ ਕਿਉਂਕਿ ਲੋਕਾਂ ਨੂੰ 25 ਲੱਖ ਦਾ ਬੀਮਾ ਮਿਲਣ ਨਾਲ ‘ਯਮਰਾਜ’ ਦਾ ਕੰਮ ਠੱਪ ਹੋ ਜਾਵੇਗਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ‘ਐਕਸ’ ’ਤੇ ਕਿਹਾ ਕਿ ਉਹ ਛੇਤੀ ਹੀ ‘ਯਮਰਾਜ’ ਨੂੰ ਕੋਈ ਹੋਰ ਕੰਮ ਲੱਭ ਕੇ ਦੇਣਗੇ।

ਕਾਂਗਰਸ ਆਗੂ ਨੇ ਕਿਹਾ ਕਿ ਯੂ ਡੀ ਐੱਫ ਦਾ ਮਿਸ਼ਨ ਹੈ ਕਿ ਕੇਰਲਾ ’ਚ ਕੋਈ ਵੀ ਪਰਿਵਾਰ ਗੰਭੀਰ ਬਿਮਾਰੀ ਸਮੇਂ ਵਿੱਤੀ ਬੋਝ ਦਾ ਸਾਹਮਣਾ ਨਾ ਕਰੇ। ਯੂ ਡੀ ਐੱਫ ਨੇ ਕੇਰਲਾ ਵਿਧਾਨ ਸਭਾ ਲਈ ਪੰਜ ਇੰਦਰਾ ਗਾਰੰਟੀਆਂ ਦਾ ਵਾਅਦਾ ਕੀਤਾ ਹੈ ਜਿਨ੍ਹਾਂ ’ਚ ਕੇਰਲਾ ਸਟੇਟ ਟਰਾਂਸਪੋਰਟ ਬੱਸਾਂ ’ਚ ਸਾਰੀਆਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ, ਕਾਲਜ ਵਿਦਿਆਰਥਣਾਂ ਨੂੰ ਇਕ ਹਜ਼ਾਰ ਰੁਪਏ ਦੀ ਸਹਾਇਤਾ ਅਤੇ ਭਲਾਈ ਪੈਨਸ਼ਨ 3 ਹਜ਼ਾਰ ਰੁਪਏ ਮਹੀਨਾ ਕਰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦੇ ਨਾਮ ’ਤੇ 25 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਅਤੇ ਛੋਟੇ ਕਾਰੋਬਾਰੀਆਂ ਲਈ 5 ਲੱਖ ਰੁਪਏ ਤੱਕ ਦੇ ਵਿਆਜ ਮੁਕਤ ਕਰਜ਼ੇ ਦੇਣ ਦੇ ਵਾਅਦੇ ਵੀ ਕੀਤੇ ਗਏ ਹਨ।

Share: