ਦਲਿਤਾਂ ਦੇ ਘਰਾਂ ਨੂੰ ਅੱਗ ਲਾਉਣ ਦਾ ਮਾਮਲਾ ਭਖਿਆ

ਦਲਿਤਾਂ ਦੇ ਘਰਾਂ ਨੂੰ ਅੱਗ ਲਾਉਣ ਦਾ ਮਾਮਲਾ ਭਖਿਆ

ਸ੍ਰੀ ਗੋਇੰਦਵਾਲ ਸਾਹਿਬ: ਹਲਕਾ ਖਡੂਰ ਸਾਹਿਬ ਦੇ ਪਿੰਡ ਵਈਂਪੁਈ ਵਿੱਚ ਛੱਪੜ ਦੀ ਡੂੰਘਾਈ ਕਾਰਨ ਵਿਵਾਦ ’ਚ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਵੱਲੋਂ ਦੋ ਦਲਿਤ ਪਰਿਵਾਰਾਂ ਦੇ ਘਰ ਨੂੰ ਅੱਗ ਲਾਉਣ ਦਾ ਮਾਮਲਾ ਭਖ ਗਿਆ ਹੈ। ਗੋਇੰਦਵਾਲ ਦੀ ਪੁਲੀਸ ਨੇ ਵਿਧਾਇਕ ਦੇ ਸਾਲੇ ਸਮੇਤ ਕਰੀਬ ਦਸ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਦੌਰਾਨ ਪਿੰਡ ਵਈਂਪੁਈ ਪੁੱਜੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪੀੜਤ ਪਰਿਵਾਰਾਂ ਹਮਦਰਦੀ ਪ੍ਰਗਟਾਈ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਦੀ ਸ਼ਹਿ ਪ੍ਰਾਪਤ ਉਸ ਦਾ ਰਿਸ਼ਤੇਦਾਰ ਬਲਦੇਵ ਸਿੰਘ ਗੋਰਾ, ਜੋ ਪਿੰਡ ਵਈਂਪੁਈ ਦਾ ਸਰਪੰਚ ਵੀ ਹੈ, ਲੋਕਾਂ ਨਾਲ ਧੱਕਾ ਕਰ ਰਿਹਾ ਹੈ। ਉਸ ਦੀ ਧੱਕੇਸ਼ਾਹੀ ਦੇ ਪਹਿਲਾਂ ਵੀ ਅਨੇਕਾਂ ਮਾਮਲੇ ਸਾਹਮਣੇ ਆਏ ਹਨ। ਵਿਧਾਇਕ ਦਾ ਰਿਸ਼ਤੇਦਾਰ ਸੱਤਾ ਦੇ ਨਸ਼ੇ ਵਿੱਚ ਲੋਕਾਂ ਤੇ ਤਸ਼ੱਦਦ ਢਾਹ ਰਿਹਾ ਹੈ, ਜਿਸ ਨੂੰ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਘਰਾਂ ਨੂੰ ਅੱਗ ਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਗੋਇੰਦਵਾਲ ਨੇ ਪੀੜਤ ਦਲਬੀਰ ਕੌਰ ਦੇ ਬਿਆਨ ’ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਤੇ ਸਰਪੰਚ ਬਲਦੇਵ ਸਿੰਘ ਗੋਰਾ ਸਮੇਤ ਦਸ ਮੁਲਜ਼ਮਾਂ ਖ਼ਿਲਾਫ਼ ਐੱਸ ਸੀ/ਐੱਸ ਟੀ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐੱਸ ਐੱਚ ਓ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ।

ਨੁਕਸਾਨ ਦੀ ਰਿਪੋਰਟ ਡੀ ਸੀ ਨੂੰ ਭੇਜੀ: ਐੱਸ ਡੀ ਐੱਮ

ਐੱਸ ਡੀ ਐੱਮ ਖਡੂਰ ਸਾਹਿਬ ਵੱਲੋਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ ਹੈ। ਐੱਸ ਡੀ ਐੱਮ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਦੇ ਨੁਕਸਾਨ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜ ਕੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਇਨਸਾਫ਼ ਦੁਆਇਆ ਜਾਵੇਗਾ।

ਮੇਰਾ ਨਾਂ ਜਾਣਬੁੱਝ ਘਟਨਾ ਨਾਲ ਜੋੜਿਆ ਜਾ ਰਿਹੈ: ਲਾਲਪੁਰਾ

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਖਿਆ ਕਿ ਕਿਸੇ ਦੇ ਘਰ ਨੂੰ ਅੱਗ ਲਾਉਣਾ ਮੰਦਭਾਗਾ ਹੈ, ਜੇ ਕੋਈ ਵਿਅਕਤੀ ਗਲਤ ਕੰਮ ਕਰਦਾ ਹੈ ਤਾਂ ਉਸ ਉਪਰ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ ਭਾਵੇਂ ਉਹ ਮੇਰਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ। ਗਲਤ ਕੰਮ ਕਰਨ ਵਾਲਿਆਂ ਨਾਲ ਮੇਰਾ ਕੋਈ ਸਰੋਕਾਰ ਨਹੀਂ। ਸਿਆਸੀ ਲੋਕ ਇਸ ਘਟਨਾ ਨਾਲ ਮੇਰਾ ਨਾਂ ਜੋੜ ਕੇ ਮੈਨੂੰ ਸਿਆਸੀ ਤੌਰ ’ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਦੇ ਕਾਮਯਾਬ ਨਹੀਂ ਹੋਣਗੇ।

Share: