ਗੁਰੂਸਰ ਸੁਧਾਰ: ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਥਾਣਾ ਜੋਧਾਂ ਤੋਂ ਮਹਿਜ਼ ਇੱਕ ਕਿਲੋਮੀਟਰ ਦੀ ਦੂਰ ਖੇਤਾਂ ਵਿੱਚ ਬਣੀ ਗ਼ੈਰ-ਕਾਨੂੰਨੀ ਪਟਾਕਾ ਫ਼ੈਕਟਰੀ ਵਿੱਚ ਬੀਤੀ ਰਾਤ ਧਮਾਕਾ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਗਈ, ਜਦਕਿ ਲੜਕੀ ਸਮੇਤ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਕੈਫ਼ ਸ਼ਾਹ (19) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ 13 ਸਾਲਾ ਅਲੀਸ਼ਾ ਅਤੇ ਪਰਿਵਾਰ ਦਾ 50 ਸਾਲਾ ਵਿਅਕਤੀ ਸ਼ਾਮਲ ਹੈ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਐੱਨ ਡੀ ਆਰ ਐੱਫ, ਫ਼ੌਜ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ। ਇਸ ਦੌਰਾਨ ਇਮਾਰਤ ਵਿੱਚ ਫਸੇ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੇਰ ਰਾਤ ਤੱਕ ਚੱਲੇ ਇਸ ਅਪਰੇਸ਼ਨ ਦੀ ਨਿਗਰਾਨੀ ਡੀ ਐੱਸ ਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਗ਼ੈਰ-ਕਾਨੂੰਨੀ ਪਟਾਕਾ ਕਾਰੋਬਾਰ ਚਲਾਉਣ ਵਾਲੇ ਦੋ ਸਕੇ ਭਰਾ ਵਾਜਿਦ ਅਤੇ ਸਾਜਿਦ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਪੁਲੀਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ। ਖੇਤ ਮਾਲਕ ਦੀ ਪਛਾਣ ਮਨਦੀਪ ਸਿੰਘ ਉਰਫ਼ ਦੀਪਾ ਵਾਸੀ ਜੋਧਾਂ ਵਜੋਂ ਹੋਈ ਹੈ, ਜਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਫੈਕਟਰੀ ਵਿੱਚ ਭਾਰੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਰੱਖੀ ਹੋਈ ਸੀ ਅਤੇ ਬੀਤੀ ਰਾਤ ਕਿਸੇ ਚੰਗਿਆੜੀ ਕਾਰਨ ਇੱਥੇ ਅੱਗ ਭੜਕ ਗਈ। ਹਾਲਾਂਕਿ ਪੁਲੀਸ ਵੱਲੋਂ ਧਮਾਕੇ ਦੇ ਕਾਰਨਾਂ ਬਾਰੇ ਹਾਲੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਧਮਾਕੇ ਕਾਰਨ ਡਿੱਗੇ ਲੈਂਟਰ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ ਹੋਈ ਪਰ ਖੇਤ ਮਾਲਕ ਦੇ ਪਸ਼ੂਆਂ ਦਾ ਬਚਾਅ ਹੋ ਗਿਆ। ਇਸੇ ਦੌਰਾਨ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਪੁਲੀਸ ਅਤੇ ਖ਼ੁਫ਼ੀਆ ਏਜੰਸੀਆਂ ਦੀ ਨਾਕਾਮੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਰਤਨਾਂ ਦੀ ਪੰਚਾਇਤ ਨੇ ਅਜਿਹੀ ਫ਼ੈਕਟਰੀ ਲਾਉਣ ਦਾ ਵਿਰੋਧ ਕੀਤਾ ਸੀ, ਹਾਲਾਂਕਿ ਉਨ੍ਹਾਂ ਨੂੰ ਮੋਟੀ ਰਕਮ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

