ਜੈੱਕ ਨਾਲ ਉੱਚਾ ਚੁੱਕਦਿਆਂ ਮਕਾਨ ਡਿੱਗਿਆ, ਤਿੰਨ ਮੌਤਾਂ

ਜੈੱਕ ਨਾਲ ਉੱਚਾ ਚੁੱਕਦਿਆਂ ਮਕਾਨ ਡਿੱਗਿਆ, ਤਿੰਨ ਮੌਤਾਂ

ਬਰਨਾਲਾ: ਇੱਥੋਂ ਨੇੜਲੇ ਪਿੰਡ ਫਰਵਾਹੀ ’ਚ ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਇਕ ਮਕਾਨ ਅੱਜ ਸੁਵੱਖਤੇ ਡਿੱਗ ਗਿਆ ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖਤ ਬੌਬੀ ਸਿੰਘ, ਪ੍ਰਿੰਸ ਅਤੇ ਗੁਰਜੀਤ ਸਿੰਘ ਵਜੋਂ ਹੋਈ ਹੈ। ਘਰ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤੇ ਘਟਨਾ ਦੀ ਮੁਨਾਦੀ ਕਰਵਾਈ ਗਈ ਤਾਂ ਜੋ ਫੌਰੀ ਮਦਦ ਮਿਲ ਸਕੇ। ਉਨ੍ਹਾਂ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ।

ਵੇਰਵਿਆਂ ਮੁਤਾਬਕ ਪਿੰਡ ਫਰਵਾਹੀ ਦੇ ਵਸਨੀਕ ਵਿਸ਼ਾਲ ਦਾ ਮਕਾਨ ਕਈ ਦਿਨਾਂ ਤੋਂ ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਸੀ। ਅੱਜ ਸਵੇਰੇ ਸਵਾ ਕੁ ਚਾਰ ਵਜੇ ਅਚਾਨਕ ਲੈਂਟਰ ਡਿੱਗਣ ਕਾਰਨ ਘਰ ਅੰਦਰ ਪਏ ਚਾਰ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਪੁਲੀਸ ਨੇ ਲੋਕਾਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕੰਮ ਸ਼ੁਰੂ ਕਰ ਦਿੱਤਾ। ਭਾਰੀ ਮੁਸ਼ੱਕਤ ਤੋਂ ਬਾਅਦ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਡਾਕਟਰਾਂ ਨੇ ਤਿੰਨ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਕੰਮ ਨੂੰ ਇਕ ਠੇਕੇਦਾਰ ਕਰਵਾ ਰਿਹਾ ਸੀ। ਉਨ੍ਹਾਂ ਕਿਹਾ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share: