ਗ਼ੈਰਹਾਜ਼ਰ ਬੱਚਿਆਂ ਬਾਰੇ ਮਾਪਿਆਂ ਨੂੰ ਐੱਸ ਐੱਮ ਐੱਸ ਭੇਜਣ ਦੇ ਹੁਕਮ

ਗ਼ੈਰਹਾਜ਼ਰ ਬੱਚਿਆਂ ਬਾਰੇ ਮਾਪਿਆਂ ਨੂੰ ਐੱਸ ਐੱਮ ਐੱਸ ਭੇਜਣ ਦੇ ਹੁਕਮ

ਐੱਸ ਏ ਐੱਸ ਨਗਰ (ਮੁਹਾਲੀ): ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਹੁਣ ਰੋਜ਼ਾਨਾ ਈ-ਪੋਰਟਲ ਉੱਤੇ ਜਾਣਕਾਰੀ ਦਰਜ ਹੋਵੇਗੀ। ਕਿਸੇ ਵੀ ਵਿਦਿਆਰਥੀ ਦੇ ਸਕੂਲ ਵਿਚੋਂ ਗੈਰਹਾਜ਼ਰ ਰਹਿਣ ਦੀ ਸੂਰਤ ਵਿਚ ਉਸ ਦੇ ਮਾਪਿਆਂ/ਸਰਪ੍ਰਸਤਾਂ ਨੂੰ ਐੱਸ ਐੱਮ ਐੱਸ ਅਲਰਟ ਰਾਹੀਂ ਸੂਚਨਾ ਭੇਜੀ ਜਾਵੇਗੀ। ਜ਼ਿਆਦਾ ਦਿਨ ਗੈਰਹਾਜ਼ਰ ਰਹਿਣ ਦੀ ਸੂਰਤ ਵਿਚ ਸਕੂਲ ਅਧਿਆਪਕ ਮਾਪਿਆਂ ਨਾਲ ਸੰਪਰਕ ਯਕੀਨੀ ਬਣਾਉਣਗੇ।

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਇਸ ਸਬੰਧੀ ਰਾਜ ਦੇ ਜ਼ਿਲ੍ਹਾ ਸਕੂਲ ਮੁਖੀਆਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗੈਰਹਾਜ਼ਰੀ ਨੂੰ ਘਟਾਉਣ ਅਤੇ ਰੋਜ਼ਾਨਾ ਹਾਜ਼ਰੀ ਦੀ ਨਿਗਰਾਨੀ ਲਈ ਈ-ਪੰਜਾਬ ਪੋਰਟਲ ਅਧੀਨ ਹਾਜ਼ਰੀ ਮਾਡਿਊਲ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਨਵੇਂ ਬਣੇ ਮਾਡਿਊਲ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਰਾਜ, ਜ਼ਿਲ੍ਹਾ ਤੇ ਬਲਾਕ ਪੱਧਰ ਉਤੇ ਸਿਖ਼ਲਾਈ ਦਿੱਤੀ ਜਾ ਰਹੀ ਹੈ ਅਤੇ ਇਸ ਮਾਡਿਊਲ ਸਬੰਧੀ ਹਦਾਇਤਾਂ ਨੂੰ ਤੁਰੰਤ ਪ੍ਰਭਾਵ ਤੋਂ ਸਰਕਾਰੀ ਸਕੂਲਾਂ ਵਿਚ ਲਾਗੂ ਕਰਨ ਲਈ ਕਿਹਾ ਗਿਆ ਹੈ।ਹਦਾਇਤਾਂ ਅਨੁਸਾਰ ਸਮੂਹ ਸਕੂਲ ਮੁਖੀਆਂ ਲਈ ਹਰ ਰੋਜ਼ ਸਕੂਲ ਖੁੱਲ੍ਹਣ ਦੇ ਦੋ ਘੰਟਿਆਂ ਦੇ ਅੰਦਰ ਈ-ਪੰਜਾਬ ਪੋਰਟਲ ਉਤੇ ਆਪਣੇ ਸਕੂਲ ਦੀਆਂ ਸਾਰੀਆਂ ਸ਼੍ਰੇਣੀਆ ਦੀ ਪੂਰੀ ਅਤੇ ਸਹੀ ਹਾਜ਼ਰੀ ਲਗਵਾਉਣਾ ਯਕੀਨੀ ਬਣਾਇਆ ਜਾਵੇਗਾ। ਇਸ ਹਾਜ਼ਰੀ ਅਨੁਸਾਰ ਕਿਸੇ ਵੀ ਵਿਦਿਆਰਥੀ ਦੇ ਗੈਰਹਾਜ਼ਰ ਰਹਿਣ ਦੀ ਸੂਰਤ ਵਿਚ ਉਨ੍ਹਾਂ ਦੇ ਮਾਪਿਆਂ/ਸਰਪ੍ਰਸਤਾਂ ਨੂੰ ਰੋਜ਼ਾਨਾ ਐੱਸ ਐੱਮ ਐੱਸ ਅਲਰਟ ਭੇਜੇ ਜਾਣਗੇ। ਸਕੂਲਾਂ ਵੱਲੋਂ ਖਾਸ ਤੌਰ ’ਤੇ ਲੰਬੇ ਸਮੇਂ ਦੀ ਗੈਰਹਾਜ਼ਰੀ ਦੇ ਮਾਮਲਿਆਂ ਵਿੱਚ ਮਾਪਿਆਂ ਨਾਲ ਸਮੇਂ-ਸਿਰ ਸੰਪਰਕ ਕੀਤਾ ਜਾਵੇਗਾ।

ਹਰ ਸਰਕਾਰੀ ਸਕੂਲ ਦੇ ਮੁਖੀ ਨੂੰ ਈ-ਪੰਜਾਬ ਪੋਰਟਲ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਹ ਯਕੀਨੀ ਬਣਾਉਣਗੇ ਕਿ ਅਧਿਆਪਕ ਰੋਜ਼ਾਨਾ ਸਮੇਂ-ਸਿਰ ਅਤੇ ਸਹੀ ਹਾਜ਼ਰੀ ਦਰਜ ਕਰਨਾ ਯਕੀਨੀ ਬਣਾਉਣ। ਵਿਦਿਆਰਥੀਆਂ ਦੇ ਮਾਪਿਆਂ ਦੇ ਮੋਬਾਈਲ ਨੰਬਰ ਵੀ ਪੋਰਟਲ ਉੱਤੇ ਅਪਡੇਟ ਕਰਨੇ ਪੈਣਗੇ ਅਤੇ ਗੈਰਹਾਜ਼ਰ ਬੱਚਿਆਂ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣੀ ਹੋਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸਕੂਲਾਂ ਦੇ ਹਾਜ਼ਰੀ ਮੋਨੀਟਰਾਂ ਨੂੰ ਲਾਗੂ ਕਰਾਉਣਗੇ। ਹਾਜ਼ਰੀ ਮਾਡਿਊਲ ਨਾਲ ਸਬੰਧਤ ਕਿਸੇ ਵੀ ਤਕਨੀਕੀ ਸਮੱਸਿਆ ਲਈ ਤੁਰੰਤ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਦੇ ਕੋ-ਆਰਡੀਨੇਟਰਾਂ ਨੂੰ ਸੂਚਿਤ ਕਰਨਾ ਹੋਵੇਗਾ। ਮੁੱਖ ਦਫ਼ਤਰ ਵੱਲੋਂ ਹਾਜ਼ਰੀ ਮਾਡਿਊਲ ਨੂੰ ਪ੍ਰਭਾਵਸ਼ਾਲੀ ਅਤੇ ਸਹੀ ਢੰਗ ਨਾਲ ਲਾਗੂ ਕਰਨ ਲਈ ਸਮੇਂ ਸਮੇਂ ਉਤੇ ਰੀਵਿਊ ਕੀਤਾ ਜਾਵੇਗਾ।

Share: