ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਬੁੱਧਵਾਰ ਤੜਕੇ ਇੱਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਇੰਦੌਰ ਦੇ ਬ੍ਰਿਜੇਸ਼ਵਰੀ ਐਨੈਕਸ ਇਲਾਕੇ ਵਿੱਚ ਸਵੇਰੇ ਕਰੀਬ 4 ਵਜੇ ਵਾਪਰਿਆ। ਪੁਲੀਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਅਨੁਸਾਰ, ਅੱਗ ਲੱਗਣ ਦਾ ਮੁੱਢਲਾ ਕਾਰਨ ਘਰ ਦੇ ਬਾਹਰ ਚਾਰਜ ਹੋ ਰਹੀ ਇੱਕ ਇਲੈਕਟ੍ਰਿਕ ਗੱਡੀ (EV) ਦੇ ਚਾਰਜਿੰਗ ਪੁਆਇੰਟ ਵਿੱਚ ਹੋਇਆ ਧਮਾਕਾ ਦੱਸਿਆ ਜਾ ਰਿਹਾ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਘਰ ਅੰਦਰ ਰੱਖੇ ਲਗਭਗ 10 ਗੈਸ ਸਿਲੰਡਰਾਂ ਵਿੱਚੋਂ ਵੀ ਕਈਆਂ ਵਿੱਚ ਧਮਾਕੇ ਹੋ ਗਏ, ਜਿਸ ਕਾਰਨ ਸਥਿਤੀ ਹੋਰ ਖ਼ਰਾਬ ਹੋ ਗਈ।
ਜਾਣਕਾਰੀ ਅਨੁਸਾਰ, ਇਹ ਇਮਾਰਤ ਮਨੋਜ ਪੁਗਲੀਆ ਦੀ ਸੀ, ਜੋ ਪੌਲੀਮਰ ਦਾ ਕਾਰੋਬਾਰ ਕਰਦਾ ਸੀ ਅਤੇ ਘਰ ਵਿੱਚ ਕੁਝ ਜਲਣਸ਼ੀਲ ਕੈਮੀਕਲ ਵੀ ਰੱਖੇ ਹੋਏ ਸਨ। ਅੱਗ ਲੱਗਣ ਵੇਲੇ ਬਿਜਲੀ ਗੁੱਲ ਹੋਣ ਕਾਰਨ ਇਮਾਰਤ ਦੇ ਇਲੈਕਟ੍ਰਾਨਿਕ ਲਾਕ (Electronic Locks) ਜਾਮ ਹੋ ਗਏ, ਜਿਸ ਕਾਰਨ ਲੋਕ ਅੰਦਰ ਹੀ ਫਸ ਗਏ। ਅੱਗ ਬੁਝਾਊ ਦਸਤੇ ਦੀ ਟੀਮ ਨੇ ਗੁਆਂਢੀ ਇਮਾਰਤ ਰਾਹੀਂ ਉੱਪਰਲੀ ਮੰਜ਼ਿਲ ’ਤੇ ਪਹੁੰਚ ਕੇ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਰ ਬਦਕਿਸਮਤੀ ਨਾਲ ਸੱਤ ਲੋਕ ਆਪਣੀ ਜਾਨ ਗੁਆ ਬੈਠੇ। ਫਿਲਹਾਲ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਹਾਦਸੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

