ਹਿਮਾਚਲ ਵਾਂਗ ਐਂਟਰੀ ਟੈਕਸ ਵਸੂਲਣ ਦੀ ਮੰਗ

ਚੰਡੀਗਡ਼੍ਹ: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਰਾਜ ਵਿੱਚ ਦਾਖ਼ਲ ਹੋਣ ਵਾਲੇ ਹੋਰ ਸੂਬਿਆਂ ਦੇ ਵਾਹਨਾਂ ’ਤੇ ਐਂਟਰੀ ਟੈਕਸ ਵਧਾਉਣ ਦਾ ਮੁੱਦਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ। ਪੰਜਾਬ ਦੇ ਵਿਧਾਇਕਾਂ ਨੇ ਹਿਮਾਚਲ ਪ੍ਰਦੇਸ਼ ਵਾਂਗ ਪੰਜਾਬ ਵਿੱਚ ਵੀ ਬਾਹਰੀ ਵਾਹਨਾਂ ’ਤੇ ਐਂਟਰੀ ਟੈਕਸ ਲਗਾਉਣ ਦੀ ਮੰਗ ਕੀਤੀ। ਇਸ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਨੂੰਨੀ ਸਲਾਹ ਲੈਣ ਦਾ ਭਰੋਸਾ ਦਿਵਾਇਆ। ਪ੍ਰਸ਼ਨ ਕਾਲ ਵਿੱਚ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਇਹ ਮੁੱਦਾ ਚੁੱਕਿਆ ਸੀ।

ਦਿਨੇਸ਼ ਚੱਢਾ ਨੇ ਸਵਾਲ ਕੀਤਾ ਕਿ ਕੀ ਪੰਜਾਬ ਸਰਕਾਰ ਵੀ ਹਿਮਾਚਲ ਪ੍ਰਦੇਸ਼ ਵਾਂਗ ਐਂਟਰੀ ਟੈਕਸ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਇਸ ਦੇ ਜਵਾਬ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਵਿੱਚ ਜੀ ਐੱਸ ਟੀ ਦੇ ਲਾਗੂ ਹੋਣ ਨਾਲ ‘ਇਕ ਦੇਸ਼ ਇਕ ਟੈਕਸ ਸਿਸਟਮ’ ਲਾਗੂ ਹੋ ਗਿਆ। ਇਸ ਕਾਰਨ ਕੋਈ ਸੂਬਾ ਐਂਟਰੀ ਟੈਕਸ ਨਹੀਂ ਲਗਾ ਸਕਦਾ ਪਰ ਹਿਮਾਚਲ ਪ੍ਰਦੇਸ਼ ਕੋਲ ਵਿਸ਼ੇਸ਼ ਰਾਜ ਦਾ ਦਰਜਾ ਹੋਣ ਕਰਕੇ ਟੈਕਸ ਵਸੂਲਿਆ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਦਾ ਦੀਵਾਲੀਆ ਨਿਕਲ ਚੁੱਕਾ ਹੈ। ਇਸੇ ਲਈ ਉਹ ਪੈਸੇ ਇਕੱਠੇ ਕਰਨ ਲੱਗੀ ਹੈ। ਦਿਨੇਸ਼ ਚੱਢਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵੱਲੋਂ ਲਗਾਇਆ ਗਿਆ ਐਂਟਰੀ ਟੈਕਸ ਕਿਸੇ ਵਿਸ਼ੇਸ਼ ਰਾਜ ਦੇ ਦਰਜੇ ਦੇ ਆਧਾਰ ’ਤੇ ਨਹੀਂ ਬਲਕਿ ਹਿਮਾਚਲ ਪ੍ਰਦੇਸ਼ ਟੌਲ ਐਕਟ 1975 ਦੇ ਤਹਿਤ ਲਾਗੂ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਹਿਮਾਚਲ ਪ੍ਰਦੇਸ਼ ਵਾਂਗ ਪੰਜਾਬ ’ਚ ਵੀ ਐਂਟਰੀ ਟੈਕਸ ਲਗਾਇਆ ਜਾਵੇ। ਫਾਜ਼ਿਲਕਾ ਤੋਂ ਵਿਧਾਇਰ ਨਰਿੰਦਰਪਾਲ ਸਿੰਘ ਸਵਨਾ ਨੇ ਪ੍ਰਸ਼ਨ ਕਾਲ ਦੌਰਾਨ ਫਾਜ਼ਿਲਕਾ ਵਿਚ ਬਣੇ ਨਵੇਂ ਬੱਸ ਅੱਡੇ ਨੂੰ ਚਲਾਉਣ ਦਾ ਮੁੱਦਾ ਚੁੱਕਿਆ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਜਲਾਲਾਬਾਦ ਵਿੱਚ ਜਲਦੀ ਹਸਪਤਾਲ ਬਣਾਇਆ ਜਾਵੇਗਾ।

‘ਆਪ’ ਨੇ ਚੱਲਦੇ ਕੰਮ ਦੇ ਉਦਘਾਟਨ ’ਤੇ 1.75 ਕਰੋੜ ਖਰਚੇ: ਅਵਤਾਰ ਜੂਨੀਅਰ

ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਤੋਂ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਜਲੰਧਰ ਵਿਖੇ ਬਰਲਟਨ ਪਾਰਕ ’ਚ ਖੇਡ ਸਟੇਡੀਅਮ ਦੇ ਚਲਦੇ ਕੰਮ ਦਾ ਉਦਘਾਟਨ ਕਰਨ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ 77 ਕਰੋੜ ਰੁਪਏ ਨਾਲ ਖੇਡ ਸਟੇਡੀਅਮ ਬਣਾਉਣ ਲਈ 9 ਅਗਸਤ 2021 ਨੂੰ ਟੈਂਡਰ ਜਾਰੀ ਹੋਇਆ ਅਤੇ 6 ਜਨਵਰੀ 2022 ਨੂੰ ਕੰਮ ਸ਼ੁਰੂ ਕੀਤਾ ਗਿਆ। ਇਹ ਕੰਮ ਇਕ ਸਾਲ ਵਿੱਚ ਪੂਰਾ ਕੀਤਾ ਜਾਣਾ ਸੀ, ਜੋ ਹਾਲੇ ਤੱਕ ਨਹੀਂ ਹੋਇਆ। ‘ਆਪ’ ਸਰਕਾਰ ਨੇ ਚਲਦੇ ਕੰਮ ਦਾ ਪਿਛਲੇ ਸਾਲ ਉਦਘਾਟਨ ਕੀਤਾ ਹੈ, ਜਿਸ ’ਤੇ 1.75 ਕਰੋੜ ਰੁਪਏ ਖਰਚ ਕੀਤੇ ਗਏ। ਇਹ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਕੰਮ ਦਾ ਦੁਬਾਰਾ ਉਦਘਾਟਨ ਕਰਨ ਤੇ ਖਰਚ ਦੀ ਜਾਣਕਾਰੀ ਨਹੀਂ ਹੈ, ਜਿਸ ਦੀ ਜਾਣਕਾਰੀ ਉਹ ਹਾਸਲ ਕਰਨਗੇ।

Share: