ਯੇਰੂਸ਼ਲਮ: ਮਨੁੱਖੀ ਅਧਿਕਾਰਾਂ ਦੇ ਨਿਗਰਾਨ ਅਦਾਰੇ ਹਿਊਮਨ ਰਾਈਟਸ ਵਾਚ (ਐੱਚ ਆਰ ਡਬਲਿਊ) ਨੇ ਕਿਹਾ ਕਿ ਇਜ਼ਰਾਇਲੀ ਫੌਜ ਨੇ 3 ਮਾਰਚ ਨੂੰ ਦੱਖਣੀ ਲਿਬਨਾਨ ਦੇ ਕਸਬੇ ਯੋਹਮੋਰ ਵਿੱਚ ਘਰਾਂ ਦੇ ਉੱਪਰ ਗ਼ੈਰ-ਕਾਨੂੰਨੀ ਢੰਗ ਨਾਲ ਚਿੱਟੇ ਫਾਸਫੋਰਸ ਵਾਲੇ ਹਥਿਆਰਾਂ ਦੀ ਵਰਤੋਂ ਕੀਤੀ, ਜਿਸ ਕਾਰਨ ਨਾਗਰਿਕਾਂ ਨੂੰ ਖ਼ਤਰਾ ਪੈਦਾ ਹੋਇਆ ਹੈ। ਹਿਊਮਨ ਰਾਈਟਸ ਵਾਚ ਦੇ ਲਿਬਨਾਨ ਖੋਜਕਾਰ ਰਮਜ਼ੀ ਕੈਸ ਨੇ ਬਿਆਨ ਵਿੱਚ ਕਿਹਾ, ‘‘ਚਿੱਟੇ ਫਾਸਫੋਰਸ ਦੇ ਅੱਗ ਲਗਾਉਣ ਵਾਲੇ ਪ੍ਰਭਾਵ ਮੌਤ ਜਾਂ ਅਜਿਹੀਆਂ ਗੰਭੀਰ ਸੱਟਾਂ ਦੀ ਵਜ੍ਹਾ ਬਣ ਸਕਦੇ ਹਨ ਜੋ ਜੀਵਨ ਭਰ ਦੇ ਦੁੱਖਾਂ ਦਾ ਕਾਰਨ ਬਣਦੀਆਂ ਹਨ।’’ ਅਧਿਕਾਰ ਸਮੂਹ ਨੇ ਕਿਹਾ ਕਿ ਉਸ ਨੇ ਅੱਠ ਤਸਵੀਰਾਂ ਦੀ ਪੁਸ਼ਟੀ ਕੀਤੀ ਹੈ ਜੋ ਯੋਹਮੋਰ ਦੇ ਰਿਹਾਇਸ਼ੀ ਹਿੱਸੇ ਵਿੱਚ ਚਿੱਟੇ ਫਾਸਫੋਰਸ ਦੀ ਵਰਤੋਂ ਅਤੇ ਖੇਤਰ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਵਾਲੇ ਸਿਵਲ ਡਿਫੈਂਸ ਕਰਮਚਾਰੀਆਂ ਨੂੰ ਦਰਸਾਉਂਦੀਆਂ ਹਨ। ਰਾਇਟਰਜ਼ ਆਜ਼ਾਦਾਨਾ ਤੌਰ ’ਤੇ ਸਮੂਹ ਦੀਆਂ ਲੱਭਤਾਂ ਦੀ ਪੁਸ਼ਟੀ ਨਹੀਂ ਕਰ ਸਕਿਆ। ਇਜ਼ਰਾਇਲੀ ਫੌਜ ਨੇ ਰਾਇਟਰਜ਼ ਨੂੰ ਦੱਸਿਆ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਉਹ ਲਿਬਨਾਨ ਵਿੱਚ ਚਿੱਟੇ ਫਾਸਫੋਰਸ ਵਾਲੇ ਗੋਲਿਆਂ ਦੀ ਵਰਤੋਂ ਦੀ ਪੁਸ਼ਟੀ ਨਹੀਂ ਕਰ ਸਕਦੀ। ਇਸ ਨੇ ਹੋਰ ਕਿਹਾ ਕਿ ਉਸ ਨੇ ਐੱਚ ਆਰ ਡਬਲਿਊ ਵਾਂਗ ਉਨ੍ਹਾਂ ਵੀਡੀਓਜ਼ ਦੀ ਸਮੀਖਿਆ ਨਹੀਂ ਕੀਤੀ ਹੈ ਅਤੇ ਉਹ ਇਨ੍ਹਾਂ ਦਾਅਵਿਆਂ ’ਤੇ ਟਿੱਪਣੀ ਨਹੀਂ ਕਰ ਸਕਦੀ। ਲਿਬਨਾਨੀ ਅਧਿਕਾਰੀਆਂ ਨੇ ਵੀ ਕੋਈ ਟਿੱਪਣੀ ਨਹੀਂ ਕੀਤੀ ਹੈ। ਇਜ਼ਰਾਇਲੀ ਫੌਜ ਨੇ 3 ਮਾਰਚ ਨੂੰ ਤੜਕੇ ਇੱਕ ਬਿਆਨ ਵਿੱਚ ਯੋਹਮੋਰ ਅਤੇ 50 ਹੋਰ ਪਿੰਡਾਂ ਤੇ ਕਸਬਿਆਂ ਦੇ ਵਸਨੀਕਾਂ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ ਸੀ।
Posted inIsrael
