ਫਰੀਦਾਬਾਦ: ਇੱਥੋਂ ਦੇ ਨਵੀਨ ਨਗਰ ਇਲਾਕੇ ਵਿੱਚ ਦੋ ਭਰਾਵਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀਆਂ ਲਾਸ਼ਾਂ ਬੀਤੀ ਦੇਰ ਰਾਤ ਅਗਵਾਨਪੁਰ ਰੋਡ ‘ਤੇ ਇਕ ਕਾਰ ਦੇ ਅੰਦਰੋਂ ਮਿਲੀਆਂ। ਪੁਲੀਸ ਅਨੁਸਾਰ ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਾਦਸ਼ਾਹ ਖ਼ਾਨ ਹਸਪਤਾਲ ਭੇਜ ਦਿੱਤਾ ਹੈ।
ਮ੍ਰਿਤਕਾਂ ਦੀ ਪਛਾਣ ਕੁੰਦਨ ਕੁਮਾਰ (44) ਅਤੇ ਰੰਜਨ ਕੁਮਾਰ (38) ਵਜੋਂ ਹੋਈ ਹੈ, ਜੋ ਬਿਹਾਰ ਦੇ ਜ਼ਿਲ੍ਹਾ ਛਪਰਾ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਕਰੀਬ 10 ਸਾਲਾਂ ਤੋਂ ਰੋਸ਼ਨ ਨਗਰ ਇਲਾਕੇ ਵਿੱਚ ਰਹਿ ਰਹੇ ਸਨ। ਮ੍ਰਿਤਕ ਕੁੰਦਨ ਕੁਮਾਰ ਸੇਵਾਮੁਕਤ ਫੌਜੀ ਸੀ, ਜਦੋਂ ਕਿ ਛੋਟਾ ਭਰਾ ਇੱਕ ਲੱਤ ਤੋਂ ਅਪਾਹਜ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਦੋਵੇਂ ਭਰਾ ਸ਼ੁੱਕਰਵਾਰ ਸਵੇਰੇ ਆਪਣੀ ਕਾਰ ਵਿੱਚ ਘਰੋਂ ਨਿਕਲੇ ਸਨ। ਜਦੋਂ ਉਹ ਦੇਰ ਸ਼ਾਮ ਤੱਕ ਵਾਪਸ ਨਹੀਂ ਪਰਤੇ ਤਾਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਕਾਰ ਨਵੀਨ ਨਗਰ ਇਲਾਕੇ ਦੇ ਅਗਵਾਨਪੁਰ ਰੋਡ ‘ਤੇ ਖੜ੍ਹੀ ਮਿਲੀ, ਜਿਸ ਦੇ ਅੰਦਰ ਉਨ੍ਹਾਂ ਦੀਆਂ ਲਾਸ਼ਾਂ ਸਨ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਹ ਕਾਰ ਕਾਫੀ ਸਮੇਂ ਤੋਂ ਇੱਕੋ ਥਾਂ ‘ਤੇ ਖੜ੍ਹੀ ਸੀ, ਜਿਸ ਕਾਰਨ ਸ਼ੱਕ ਪੈਣ ‘ਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ। ਪਰਿਵਾਰਕ ਮੈਂਬਰਾਂ ਨੇ ਲਾਸ਼ਾਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਗਿਆ।ਫਰੀਦਾਬਾਦ ਪੁਲੀਸ ਦੇ ਬੁਲਾਰੇ ਯਸ਼ਪਾਲ ਨੇ ਦੱਸਿਆ, “ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕਾਰ ਸਵੇਰੇ 10 ਵਜੇ ਦੇ ਕਰੀਬ ਉੱਥੇ ਖੜ੍ਹੀ ਸੀ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਅਸੀਂ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਜਾਂਚ ਕਰ ਰਹੇ ਹਾਂ।”
