ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਹਸਪਤਾਲ ਲਿਜਾ ਰਹੇ ਸੁਰੱਖਿਆ ਕਾਫ਼ਲੇ ਦੀ ਵੀਡੀਓ ਬਣਾਉਣ ਦੇ ਦੋਸ਼ ਹੇਠ ਪੁਲੀਸ ਨੇ ਯੂਟਿਊਬਰ ਹੈਦਰ ਸਈਦ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨਾਲ ਸਬੰਧਿਤ ਹੈ।
2023 ਤੋਂ ਅਡਿਆਲਾ ਜੇਲ੍ਹ ਵਿੱਚ ਬੰਦ ਇਮਰਾਨ ਖ਼ਾਨ ਨੂੰ ਬੀਤੇ ਦਿਨ ਅੱਖਾਂ ਦੇ ਇਲਾਜ ਲਈ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪੀ ਆਈ ਐੱਮ ਐੱਸ) ਲਿਜਾਇਆ ਗਿਆ ਸੀ। ਪਿਛਲੇ ਮਹੀਨੇ ਇਮਰਾਨ ਦੀ ਸੱਜੀ ਅੱਖ ਦੇ ਪਰਦੇ ਦੀ ਨਸ ’ਚ ਰੁਕਾਵਟ ਬਾਰੇ ਪਤਾ ਲੱਗਾ ਸੀ, ਜਿਸ ਕਾਰਨ ਉਨ੍ਹਾਂ ਦੀ ਨਿਗ੍ਹਾ ’ਤੇ ਅਸਰ ਪੈ ਰਿਹਾ ਸੀ। ਲਹਿੰਦੇ ਪੰਜਾਬ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੱਸਿਆ ਕਿ ਮੁਲਜ਼ਮ ਨੇ ਨਾ ਸਿਰਫ਼ ਸੁਰੱਖਿਆ ਕਾਫ਼ਲੇ ਦੀ ਵੀਡੀਓ ਬਣਾਈ ਸਗੋਂ ਇਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ, ਜਿਸ ਨਾਲ ਇਮਰਾਨ ਖ਼ਾਨ ਅਤੇ ਸਲਾਮਤੀ ਦਸਤਿਆਂ ਦੀ ਸੁਰੱਖਿਆ ’ਚ ਖ਼ਤਰਾ ਪੈਦਾ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ, ‘‘ਮੁਲਜ਼ਮ ਨੂੰ ਅਡਿਆਲਾ ਪੁਲੀਸ ਚੌਕੀ ਭੇਜ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।’’
ਪਰਿਵਾਰ ਨੇ ਪ੍ਰਾਈਵੇਟ ਹਸਪਤਾਲ ਤਬਦੀਲ ਕਰਨ ਦੀ ਮੰਗ ਕੀਤੀ
ਇਮਰਾਨ ਖ਼ਾਨ ਦਾ ਪਰਿਵਾਰ ਅਤੇ ਪਾਰਟੀ ਮੰਗ ਕਰ ਰਹੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਇਲਾਜ ਲਈ ਇਸਲਾਮਾਬਾਦ ਦੇ ਸ਼ਿਫ਼ਾ ਹਸਪਤਾਲ ਤਬਦੀਲ ਕੀਤਾ ਜਾਵੇ ਅਤੇ ਉਸ ਦੇ ਨਿੱਜੀ ਡਾਕਟਰਾਂ ਨੂੰ ਦੇਖਣ ਦੀ ਆਗਿਆ ਦਿੱਤੀ ਜਾਵੇ। ਇਮਰਾਨ ਦੀ ਭੈਣ ਅਲੀਮਾ ਖ਼ਾਨ ਨੇ ਕਿਹਾ, ‘‘ਮੇਰਾ ਭਰਾ ਕਹਿ ਰਿਹਾ ਹੈ ਕਿ ਉਹ ਦੇਖ ਨਹੀਂ ਸਕਦਾ ਅਤੇ ਉਸ ਨੂੰ ਇਲਾਜ ਲਈ ਉਸ ਦੇ ਨਿੱਜੀ ਡਾਕਟਰਾਂ ਕੋਲ ਜਾਣ ਦਿੱਤਾ ਜਾਵੇ। ਸਾਨੂੰ ਸਰਕਾਰੀ ਡਾਕਟਰੀ ਸਹੂਲਤਾਂ ਜਾਂ ਟੈਸਟ ਰਿਪੋਰਟਾਂ ’ਤੇ ਭਰੋਸਾ ਨਹੀਂ।’’ ਉਨ੍ਹਾਂ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਮਰਾਨ ਦੀ ਸਿਹਤ ਲਈ ਆਵਾਜ਼ ਚੁੱਕਣ ਦੀ ਅਪੀਲ ਕੀਤੀ ਹੈ।

