ਜਗਿਆਸਾ ਹੀ ਤੁਹਾਨੂੰ ਅੱਗੇ ਵਧਾਉਂਦੀ ਹੈ: ਜਯੋਤੀ ਮਲਹੋਤਰਾ

ਜਗਿਆਸਾ ਹੀ ਤੁਹਾਨੂੰ ਅੱਗੇ ਵਧਾਉਂਦੀ ਹੈ: ਜਯੋਤੀ ਮਲਹੋਤਰਾ

ਯਮੁਨਾਨਗਰ: ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਿੱਚ ‘ਮਨੁੱਖੀ ਕਦਰਾਂ-ਕੀਮਤਾਂ, ਗਿਆਨ ਅਤੇ ਵਿਰਾਸਤ- ਸੰਤ ਵਾਂਗ ਸੋਚੋ, ਨੇਤਾ ਵਾਂਗ ਕੰਮ ਕਰੋ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ‘ਦਿ ਟ੍ਰਿਬਿਊਨ’ ਪ੍ਰਕਾਸ਼ਨ ਸਮੂਹ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਵਿਦਿਆਰਥਣਾਂ ਨੂੰ ਅਖ਼ਬਾਰ ਪੜ੍ਹਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਅੰਕੜਿਆਂ ਦੀ ਖੇਡ ਨਹੀਂ, ਅਸਲ ਵਿੱਚ ਸਿੱਖਿਆ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੇ ਜਗਿਆਸੂ ਹੋ? ਜਗਿਆਸਾ ਤੁਹਾਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ। ਕੌਣ? ਕੀ? ਕਦੋਂ? ਕਿੱਥੇ? ਕਿਉਂ? ਇਹ ਪੰਜ ਸਵਾਲ ਪੱਤਰਕਾਰੀ ਦੇ ਨਾਲ-ਨਾਲ ਜ਼ਿੰਦਗੀ ਦੀ ਨੀਂਹ ਵੀ ਰੱਖਦੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਹੀ ਜ਼ਿੰਦਗੀ ’ਚ ਸਿੱਖਣ ਅਤੇ ਜਾਣਨ ਦੀ ਉਤਸੁਕਤਾ ਪੈਦਾ ਕਰਦੇ ਹਨ। ਦੂਜਾ ਸਬਕ ਹੈ ਹਰ ਗੱਲ ਨਾਲ ਸਹਿਮਤ ਨਾ ਹੋਵੋ। ਸਵਾਲ ਉਠਾਓ ਪਰ ਯਾਦ ਰੱਖੋ, ਅਸਹਿਮਤੀ ਦਾ ਮਤਲਬ ਨਿਰਾਦਰ ਨਹੀਂ ਹੈ। ਰਚਨਾਤਮਕ ਆਲੋਚਨਾ ਕਰੋ, ਸੋਚੋ, ਸਮਝੋ ਅਤੇ ਫਿਰ ਆਪਣੀ ਰਾਇ ਬਣਾਓ। ਦੂਜਿਆਂ ਦੇ ਵਿਸ਼ਵਾਸ ਅਤੇ ਵਿਚਾਰਾਂ ਦਾ ਸਤਿਕਾਰ ਕਰੋ।

ਹਰ ਧਰਮ, ਹਰ ਵਿਚਾਰਧਾਰਾ ਅਤੇ ਹਰ ਵਿਅਕਤੀ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਸਤਿਕਾਰ ਸਵੈ-ਵਿਕਾਸ ਵੱਲ ਪਹਿਲਾ ਕਦਮ ਹੈ। ਸਮਾਗਮ ਕਾਲਜ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ, ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਮੁੱਖ ਬੁਲਾਰੇ ਅਮਰਦੀਪ ਸਿੰਘ ਨੇ ਕਿਹਾ ਕਿ ਰਿਸ਼ੀ ਵਾਂਗ ਸੋਚਣ ਦਾ ਅਰਥ ਹੈ ਵਿਸ਼ਾਲ ਦ੍ਰਿਸ਼ਟੀਕੋਣ, ਡੂੰਘਾ ਆਤਮ-ਨਿਰੀਖਣ ਅਤੇ ਉੱਚ ਆਦਰਸ਼ਾਂ ਅਨੁਸਾਰ ਜੀਵਨ ਜਿਊਣਾ, ਜਦੋਂ ਕਿ ਨੇਤਾ ਵਾਂਗ ਕੰਮ ਕਰਨ ਦਾ ਅਰਥ ਹੈ ਹਿੰਮਤ, ਸੰਵੇਦਨਸ਼ੀਲਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਾਲ ਕੰਮ ਕਰਨਾ। ਇਸ ਮੌਕੇ ਉਨ੍ਹਾਂ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਲਜ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ ਅਤੇ ਅਸ਼ਵਨੀ ਦੱਤਾ ਨੇ ਮੁੱਖ ਮਹਿਮਾਨ ਜਯੋਤੀ ਮਲਹੋਤਰਾ ਨੂੰ ਪੌਦਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

Share: