ਕਰਾਚੀ: ਇਥੇ ਰਿਹਾਇਸ਼ੀ ਇਮਾਰਤ ’ਚ ਸ਼ੱਕੀ ਗੈਸ ਲੀਕ ਧਮਾਕੇ ਵਿੱਚ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 14 ਜ਼ਖ਼ਮੀ ਹੋਏ। ਮ੍ਰਿਤਕਾਂ ਵਿੱਚ ਕਈ ਬੱਚੇ ਸ਼ਾਮਲ ਹਨ। ਪੁੁਲੀਸ ਅਧਿਕਾਰੀ ਜਮਸ਼ੇਦ ਅਸ਼ਰ ਨੇ ਕਿਹਾ, ‘‘ਧਮਾਕਾ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਪੁਰਾਣੇ ਫ਼ੌਜੀ ਬਾਜ਼ਾਰ ਵਿੱਚ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਹੋਇਆ।’’ ਪਾਕਿਸਤਾਨ ਵਿੱਚ ਅੱਜ ਰਮਜ਼ਾਨ ਦਾ ਪਹਿਲਾ ਦਿਨ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਧਮਾਕੇ ਦਾ ਕਾਰਨ ਗੈਸ ਲੀਕ ਸੀ। ਪਾਕਿਸਤਾਨ ਦੇ ਇਸ ਵੱਡੇ ਸ਼ਹਿਰ ਵਿੱਚ ਗੈਸ ਦੀ ਕਿੱਲਤ ਕਰਕੇ ਘੱਟ ਆਮਦਨ ਵਾਲੇ ਰਿਹਾਇਸ਼ੀ ਇਲਾਕਿਆਂ ਵਿੱਚ ਬਹੁਤੇ ਪਰਿਵਾਰ ਆਪਣੇ ਘਰਾਂ ਵਿੱਚ ਖਾਸ ਕਰਕੇ ਐੱਲ ਪੀ ਜੀ ਸਿਲੰਡਰਾਂ ਦੀ ਵਰਤੋਂ ਕਰਦੇ ਹੈ। ਪੁਲੀਸ ਸਰਜਨ ਡਾ. ਸਮੱਈਆ ਸੱਯਦ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਤੱਕ ਧਮਾਕੇ ਵਾਲੀ ਥਾਂ ਤੋਂ 14 ਲਾਸ਼ਾਂ ਪੁੱਜੀਆਂ ਹਨ, ਜਦੋਂਕਿ 14 ਜਣੇ ਜ਼ੇਰੇ ਇਲਾਜ ਹਨ। ਧਮਾਕੇ ਕਰਕੇ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ। ਮੁੱਖ ਫਾਇਰ ਅਧਿਕਾਰੀ ਹੁਮਾਯੂੰ ਖ਼ਾਨ ਨੇ ਕਿਹਾ, ‘‘ਅਸੀਂ ਹਾਲੇ ਵੀ ਮਲਬੇ ਵਿੱਚੋਂ ਲਾਸ਼ਾਂ ਜਾਂ ਜ਼ਖਮੀਆਂ ਦੀ ਭਾਲ ਕਰ ਰਹੇ ਹਾਂ।’’ ਮ੍ਰਿਤਕਾਂ ਵਿੱਚ 2 ਤੋਂ 17 ਸਾਲ ਦੀ ਉਮਰ ਦੇ 9 ਬੱਚੇ ਵੀ ਸ਼ਾਮਲ ਹਨ, ਜਦੋਂਕਿ ਜ਼ਖ਼ਮੀ ਬੱਚਿਆਂ ਦੀ ਗਿਣਤੀ 7 ਹੈ। ਕਰਾਚੀ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸੱਦਰ ਇਲਾਕੇ ਵਿੱਚ ਗੁਲ ਸ਼ਾਪਿੰਗ ਪਲਾਜ਼ਾ, ਜੋ ਥੋਕ ਤੇ ਪ੍ਰਚੂਨ ਮਾਰਕੀਟ ਹੈ, ਵਿੱਚ ਅੱਗ ਲੱਗਣ ਕਰਕੇ 79 ਵਿਅਕਤੀਆਂ ਦੀ ਮੌਤ ਤੇ ਵੱਡੀ ਗਿਣਤੀ ਲੋਕ ਜ਼ਖ਼ਮੀ ਹੋ ਗਏ ਸਨ।
Posted inPakistan
ਕਰਾਚੀ: ਗੈਸ ਲੀਕ ਧਮਾਕੇ ’ਚ 16 ਮੌਤਾਂ

