ਮੁੰਬਈ: ਨੈਸ਼ਨਲ ਸਟਾਕ ਐਕਸਚੇਂਜ (NSE) ਵਿੱਚ ਰਜਿਸਟਰਡ ਨਿਵੇਸ਼ਕਾਂ ਦੇ ਖਾਤਿਆਂ ਨੇ ਇੱਕ ਵੱਡਾ ਮੀਲ ਪੱਥਰ ਪਾਰ ਕਰ ਲਿਆ ਹੈ। ਐਕਸਚੇਂਜ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਫਰਵਰੀ 2026 ਵਿੱਚ ਕੁੱਲ ਵਿਲੱਖਣ ਟ੍ਰੇਡਿੰਗ ਖਾਤੇ, ਜਾਂ ਕਲਾਇੰਟ ਕੋਡ (UCCs), 25 ਕਰੋੜ (250 ਮਿਲੀਅਨ) ਤੋਂ ਵੱਧ ਗਏ ਹਨ।
ਜ਼ਿਕਰਯੋਗ ਹੈ ਕਿ ਸਭ ਤੋਂ ਤਾਜ਼ਾ ਇੱਕ ਕਰੋੜ ਖਾਤੇ ਸਿਰਫ਼ ਦੋ ਮਹੀਨਿਆਂ ਵਿੱਚ ਸ਼ਾਮਲ ਕੀਤੇ ਗਏ ਹਨ, ਜੋ ਪੂੰਜੀ ਬਾਜ਼ਾਰਾਂ ਵਿੱਚ ਵਧਦੀ ਹਿੱਸੇਦਾਰੀ ਦੀ ਤੇਜ਼ ਰਫ਼ਤਾਰ ਨੂੰ ਦਰਸਾਉਂਦੇ ਹਨ; ਪਿਛਲੇ 5 ਕਰੋੜ ਖਾਤੇ ਜੋ ਕੁੱਲ ਦਾ 20 ਫੀਸਦੀ ਹਨ, ਇਕੱਲੇ ਪਿਛਲੇ 16 ਮਹੀਨਿਆਂ ਵਿੱਚ ਜੁੜੇ ਹਨ। ਐੱਨ ਐਸ ਈ ਨੇ ਦੱਸਿਆ ਕਿ 31 ਜਨਵਰੀ, 2026 ਤੱਕ ਵਿਲੱਖਣ ਰਜਿਸਟਰਡ ਨਿਵੇਸ਼ਕਾਂ ਦੀ ਗਿਣਤੀ 12.7 ਕਰੋੜ ਸੀ, ਜਦੋਂ ਕਿ ਨਿਵੇਸ਼ਕਾਂ ਦੇ ਇੱਕ ਤੋਂ ਵੱਧ ਬ੍ਰੋਕਰਾਂ ਕੋਲ ਖਾਤੇ ਹੋਣ ਕਾਰਨ ਟ੍ਰੇਡਿੰਗ ਖਾਤਿਆਂ ਦੀ ਕੁੱਲ ਸੰਖਿਆ ਵਿਲੱਖਣ ਨਿਵੇਸ਼ਕਾਂ ਦੀ ਗਿਣਤੀ ਤੋਂ ਵੱਧ ਹੈ।
ਸੂਬਾਵਾਰ ਅੰਕੜਿਆਂ ਅਨੁਸਾਰ ਮਹਾਰਾਸ਼ਟਰ 4.2 ਕਰੋੜ (17 ਫੀਸਦੀ) ਖਾਤਿਆਂ ਨਾਲ ਸਭ ਤੋਂ ਅੱਗੇ ਹੈ, ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ (2.8 ਕਰੋੜ), ਗੁਜਰਾਤ (2.2 ਕਰੋੜ), ਅਤੇ ਪੱਛਮੀ ਬੰਗਾਲ ਤੇ ਰਾਜਸਥਾਨ (1.4 ਕਰੋੜ ਹਰੇਕ) ਆਉਂਦੇ ਹਨ। ਇਸ ਵਾਧੇ ਦਾ ਸਿਹਰਾ ਤੇਜ਼ ਡਿਜੀਟਾਈਜ਼ੇਸ਼ਨ, ਫਿਨਟੈਕ ਕ੍ਰਾਂਤੀ, ਘੱਟ ਲਾਗਤ ਵਾਲੇ ਟ੍ਰੇਡਿੰਗ ਪਲੇਟਫਾਰਮਾਂ ਅਤੇ ਵਧਦੇ ਮੱਧ ਵਰਗ ਨੂੰ ਜਾਂਦਾ ਹੈ।
ਪਿਛਲੇ ਪੰਜ ਸਾਲਾਂ ਵਿੱਚ ਨਿਫਟੀ 50 ਨੇ 11.3 ਫੀਸਦੀ ਅਤੇ ਨਿਫਟੀ 500 ਨੇ 13.7 ਫੀਸਦੀ ਸਾਲਾਨਾ ਰਿਟਰਨ ਦਿੱਤੀ ਹੈ, ਜਿਸ ਨਾਲ ਘਰੇਲੂ ਨਿਵੇਸ਼ਕਾਂ ਦਾ ਇਕੁਇਟੀ ਵਿੱਚ ਭਰੋਸਾ ਵਧਿਆ ਹੈ। ਅਪਰੈਲ 2025 ਤੋਂ ਜਨਵਰੀ 2026 ਦਰਮਿਆਨ ਲਗਪਗ 6 ਕਰੋੜ ਨਵੇਂ SIP ਖਾਤੇ ਖੁੱਲ੍ਹੇ ਹਨ ਅਤੇ ਔਸਤ ਮਹੀਨਾਵਾਰ SIP ਨਿਵੇਸ਼ 28,766 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਦਸੰਬਰ 2025 ਤੱਕ ਐੱਨ ਐੱਸ ਈ ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪੀਟਲਾਈਜ਼ੇਸ਼ਨ ਵਿੱਚ ਵਿਅਕਤੀਗਤ ਨਿਵੇਸ਼ਕਾਂ ਦੀ ਹਿੱਸੇਦਾਰੀ ਵਧ ਕੇ 18.6 ਫੀਸਦੀ ਹੋ ਗਈ ਹੈ।
