ਦੱਖਣੀ ਅਫਰੀਕਾ ਦੀ ਦੂਜੇ ਸੁਪਰ ਓਵਰ ’ਚ ਰੋਮਾਂਚਕ ਜਿੱਤ

ਦੱਖਣੀ ਅਫਰੀਕਾ ਦੀ ਦੂਜੇ ਸੁਪਰ ਓਵਰ ’ਚ ਰੋਮਾਂਚਕ ਜਿੱਤ

ਅਹਿਮਦਾਬਾਦ: ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਅਫ਼ਗ਼ਾਨਿਸਤਾਨ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਅੱਜ ਇੱਥੇ ਰੋਮਾਂਚਕ ਮੁਕਾਬਲੇ ਦੌਰਾਨ ਦੂਜੇ ਸੁਪਰ ਓਵਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਸ ਦੀਆਂ ਸੁਪਰ ਅੱਠ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਤਕੜਾ ਝਟਕਾ ਲੱਗਿਆ ਹੈ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ’ਤੇ 187 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਅਫਗਾਨਿਸਤਾਨ ਦੀ ਟੀਮ 19.4 ਓਵਰਾਂ ਵਿੱਚ 187 ਦੌੜਾਂ ’ਤੇ ਆਊਟ ਹੋ ਗਈ। ਇਸ ਮਗਰੋਂ ਪਹਿਲਾ ਸੁਪਰ ਓਵਰ ਵੀ ਟਾਈ ਰਿਹਾ। ਦੱਖਣੀ ਅਫਰੀਕਾ ਵੱਲੋਂ ਲੁੰਗੀ ਐਨਗਿਡੀ ਨੇ ਸੁਪਰ ਓਵਰ ਕੀਤਾ, ਜਿਸ ਵਿੱਚ ਅਫ਼ਗਾਨਿਸਤਾਨ ਨੇ 17 ਦੌੜਾਂ ਬਣਾਈਆਂ। ਇਸ ਵਿੱਚ ਅਜ਼ਮਤੁੱਲ੍ਹਾ ਉਮਰਜ਼ਈ ਦਾ ਛੱਕਾ ਅਤੇ ਦੋ ਚੌਕੇ ਸ਼ਾਮਲ ਹਨ। ਦੱਖਣੀ ਅਫਰੀਕਾ ਨੇ ਫਜ਼ਲਹੱਕ ਫਾਰੂਕੀ ਵੱਲੋਂ ਸੁੱਟੇ ਓਵਰ ਵਿੱਚ ਇੱਕ ਵਿਕਟ ’ਤੇ 17 ਦੌੜਾਂ ਬਣਾਈਆਂ। ਟ੍ਰਿਸਟਨ ਸਟੱਬਜ਼ ਨੇ ਆਖ਼ਰੀ ਗੇਂਦ ’ਤੇ ਛੱਕਾ ਮਾਰ ਕੇ ਸਕੋਰ ਬਰਾਬਰ ਕੀਤਾ। ਉਮਰਜ਼ਈ ਦੂਜਾ ਓਵਰ ਕਰਨ ਲਈ ਆਇਆ, ਜਿਸ ਵਿੱਚ ਦੱਖਣੀ ਅਫਰੀਕਾ ਨੇ ਡੇਵਿਡ ਮਿੱਲਰ ਦੇ ਦੋ ਛੱਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ। ਇਸ ਮਗਰੋਂ ਦੱਖਣੀ ਅਫਰੀਕਾ ਦੇ ਸਪਿੰਨਰ ਕੇਸ਼ਵ ਮਹਾਰਾਜ ਨੇ ਪਹਿਲੀ ਹੀ ਗੇਂਦ ’ਤੇ ਕੋਈ ਦੌੜ ਨਹੀਂ ਦਿੱਤੀ ਅਤੇ ਮੁਹੰਮਦ ਨਬੀ ਨੂੰ ਆਊਟ ਕੀਤਾ। ਇਸ ਮਗਰੋਂ ਗੁਰਬਾਜ਼ ਨੇ ਲਗਾਤਾਰ ਤਿੰਨ ਛੱਕੇ ਜੜੇ, ਪਰ ਆਖ਼ਰੀ ਗੇਂਦ ’ਤੇ ਆਊਟ ਹੋ ਗਿਆ।

Share: