ਟੀ-20 ਵਿਸ਼ਵ ਕੱਪ: ਸਕਾਟਲੈਂਡ ਦੀ ਇਟਲੀ ’ਤੇ ਵੱਡੀ ਜਿੱਤ

ਟੀ-20 ਵਿਸ਼ਵ ਕੱਪ: ਸਕਾਟਲੈਂਡ ਦੀ ਇਟਲੀ ’ਤੇ ਵੱਡੀ ਜਿੱਤ

ਕੋਲਕਾਤਾ: ਸਕਾਟਲੈਂਡ ਨੇ ਅੱਜ ਇੱਥੇ ਈਡਨ ਗਾਰਡਨਜ਼ ਵਿੱਚ ਖੇਡੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਸੀ’ ਦੇ ਮੈਚ ਵਿੱਚ ਇਟਲੀ ਨੂੰ 73 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕਾਟਲੈਂਡ ਨੇ ਚਾਰ ਵਿਕਟਾਂ ’ਤੇ 207 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਇਟਲੀ ਦੀ ਟੀਮ 16.4 ਓਵਰਾਂ ਵਿੱਚ 134 ਦੌੜਾਂ ’ਤੇ ਹੀ ਸਿਮਟ ਗਈ।

ਸਕਾਟਲੈਂਡ ਦੀ ਇਸ ਜਿੱਤ ਵਿੱਚ ਹਰਫਨਮੌਲਾ ਖਿਡਾਰੀ ਮਾਈਕਲ ਲੀਸਕ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ ਬੱਲੇਬਾਜ਼ੀ ਕਰਦਿਆਂ ਟੀਮ ਦੀ ਪਾਰੀ ਦੀਆਂ ਆਖਰੀ 5 ਗੇਂਦਾਂ ਵਿੱਚ ਨਾਬਾਦ 22 ਦੌੜਾਂ ਬਣਾਈਆਂ ਅਤੇ ਫਿਰ ਗੇਂਦਬਾਜ਼ੀ ਕਰਦਿਆਂ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਜੌਰਜ ਮੁਨਸੀ ਨੇ 54 ਗੇਂਦਾਂ ਵਿੱਚ 84 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 14 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਇਟਲੀ ਦਾ ਕਪਤਾਨ ਵੇਨ ਮੈਡਸਨ ਮੋਢੇ ਦੀ ਸੱਟ ਕਾਰਨ ਬੱਲੇਬਾਜ਼ੀ ਨਹੀਂ ਕਰ ਸਕਿਆ। ਇਟਲੀ ਵੱਲੋਂ ਬੈੱਨ ਮਨੇਂਤੀ ਨੇ 31 ਗੇਂਦਾਂ ਵਿੱਚ 52 ਦੌੜਾਂ ਬਣਾ ਕੇ ਦੇਸ਼ ਲਈ ਵਿਸ਼ਵ ਕੱਪ ਦਾ ਪਹਿਲਾ ਨੀਮ ਸੈਂਕੜਾ ਜੜਿਆ। ਉਸ ਨੇ ਆਪਣੇ ਭਰਾ ਹੈਰੀ ਨਾਲ ਮਿਲ ਕੇ 73 ਦੌੜਾਂ ਦੀ ਭਾਈਵਾਲੀ ਕੀਤੀ ਪਰ ਲੀਸਕ ਨੇ ਇਹ ਜੋੜੀ ਤੋੜ ਕੇ ਮੈਚ ਦਾ ਪਾਸਾ ਪਲਟ ਦਿੱਤਾ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੇ ਭਾਰਤ ਆਉਣ ਤੋਂ ਇਨਕਾਰ ਕਰਨ ਮਗਰੋਂ ਸਕਾਟਲੈਂਡ ਨੂੰ ਇਸ ਟੂਰਨਾਮੈਂਟ ਵਿੱਚ ਖੇਡਣ ਦਾ ਮੌਕਾ ਮਿਲਿਆ ਸੀ। ਇਸ ਜਿੱਤ ਨਾਲ ਸਕਾਟਲੈਂਡ ਹੁਣ ਗਰੁੱਪ ‘ਸੀ’ ਵਿੱਚ ਇੰਗਲੈਂਡ ਅਤੇ ਵੈਸਟਇੰਡੀਜ਼ ਨਾਲ ਸਿਖਰਲੀਆਂ ਤਿੰਨ ਟੀਮਾਂ ਵਿੱਚ ਸ਼ਾਮਲ ਹੋ ਗਿਆ ਹੈ। ਪਿਛਲੇ ਸਾਲ ਯੂਰਪੀ ਕੁਆਲੀਫਾਇਰ ਵਿੱਚ ਸਕਾਟਲੈਂਡ ਨੂੰ ਇਟਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਰਕੇ ਇਹ ਜਿੱਤ ਉਸ ਲਈ ਹੋਰ ਵੀ ਅਹਿਮ ਹੈ।

ਜ਼ਿੰਬਾਬਵੇ ਨੇ ਓਮਾਨ ਨੂੰ 8 ਵਿਕਟਾਂ ਨਾਲ ਹਰਾਇਆ

ਕੋਲੰਬੋ: ਇੱਥੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਦੇ ਮੁਕਾਬਲੇ ਵਿੱਚ ਜ਼ਿੰਬਾਬਵੇ ਨੇ ਓਮਾਨ ਨੂੰ 8 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਓਮਾਨ ਦਾ ਦਿੱਤਾ 104 ਦੌੜਾਂ ਦਾ ਟੀਚਾ ਜ਼ਿੰਬਾਬਵੇ ਨੇ 13.3 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਨੌਜਵਾਨ ਬੱਲੇਬਾਜ਼ ਬ੍ਰਾਇਨ ਬੈਨੇਟ ਨੇ 36 ਗੇਂਦਾਂ ਵਿੱਚ ਨਾਬਾਦ 48 ਦੌੜਾਂ ਦੀ ਪਾਰੀ ਖੇਡੀ। ਬ੍ਰੈਂਡਨ ਟੇਲਰ ਨੇ ਵੀ 31 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਜ਼ਿੰਬਾਬਵੇ ਦੇ ਗੇਂਦਬਾਜ਼ਾਂ ਬਲੈਸਿੰਗ ਮੁਜ਼ਾਰਾਬਾਨੀ, ਰਿਚਰਡ ਨਗਾਰਾਵਾ ਅਤੇ ਬ੍ਰੈਡ ਇਵਾਨਸ ਨੇ ਤਿੰਨ-ਤਿੰਨ ਵਿਕਟਾਂ ਲੈਂਦਿਆਂ ਓਮਾਨ ਦੀ ਟੀਮ ਨੂੰ ਮਹਿਜ਼ 103 ਦੌੜਾਂ ’ਤੇ ਢੇਰ ਕਰ ਦਿੱਤਾ। ਵਿਨਾਇਕ ਸ਼ੁਕਲਾ (28) ਅਤੇ ਸੁਫਿਆਨ ਮਹਿਮੂਦ (25) ਨੇ ਕੁਝ ਦੇਰ ਸੰਘਰਸ਼ ਕੀਤਾ ਪਰ ਉਹ ਟੀਮ ਨੂੰ ਵੱਡੇ ਸਕੋਰ ਤੱਕ ਨਹੀਂ ਲਿਜਾ ਸਕੇ।

Share: