ਗਾਜ਼ਾ ਦੀ ਮਿਸਰ ਨਾਲ ਲੱਗਦੀ ਸਰਹੱਦ ਮੁੜ ਖੋਲ੍ਹੀ

ਗਾਜ਼ਾ ਦੀ ਮਿਸਰ ਨਾਲ ਲੱਗਦੀ ਸਰਹੱਦ ਮੁੜ ਖੋਲ੍ਹੀ

ਕਾਹਿਰਾ: ਮਿਸਰ ਅਤੇ ਇਜ਼ਰਾਈਲ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਗਾਜ਼ਾ ਦੀ ਮਿਸਰ ਨਾਲ ਲੱਗਦੀ ਰਾਫਾਹ ਸਰਹੱਦ ਸੀਮਤ ਆਵਾਜਾਈ ਲਈ ਮੁੜ ਖੋਲ੍ਹ ਦਿੱਤੀ ਗਈ ਹੈ। ਇਹ ਹਮਾਸ ਨਾਲ ਜੰਗਬੰਦੀ ਦੇ ਅੱਗੇ ਵਧਣ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ। ਮਿਸਰ ਦੇ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਖੋਲ੍ਹੇ ਜਾਣ ਦੇ ਪਹਿਲੇ ਦਿਨ 50 ਫ਼ਲਸਤੀਨੀ ਆ-ਜਾ ਸਕਣਗੇ; ਹਾਲਾਂਕਿ ਇਸ ਦੇ ਖੁੱਲ੍ਹਣ ਦੇ ਪਹਿਲੇ ਘੰਟੇ ਦੌਰਾਨ ਕਿਸੇ ਨੂੰ ਵੀ ਉੱਥੋਂ ਲੰਘਦੇ ਨਹੀਂ ਦੇਖਿਆ ਗਿਆ। ਜੰਗਬੰਦੀ ਸਮਝੌਤਾ ਲਾਗੂ ਕਰਨ ਨਾਲ ਜੁੜੀ ਗੱਲਬਾਤ ਵਿੱਚ ਸ਼ਾਮਲ ਇਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ। ਮਿਸਰ ਦੀ ਸਰਕਾਰੀ ਮੀਡੀਆ ਨੇ ਵੀ ਰਾਫਾਹ ਸਰਹੱਦ ਦੇ ਮੁੜ ਖੋਲ੍ਹੇ ਜਾਣ ਦੀ ਪੁਸ਼ਟੀ ਕੀਤੀ ਹੈ।

ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ, ਲਗਪਗ 20,000 ਫ਼ਲਸਤੀਨੀ ਬੱਚੇ ਅਤੇ ਬਾਲਗ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੈ, ਇਸ ਸਰਹੱਦੀ ਰਸਤੇ ਰਾਹੀਂ ਤਬਾਹ ਹੋਏ ਗਾਜ਼ਾ ਤੋਂ ਬਾਹਰ ਨਿਕਲਣ ਦੀ ਉਮੀਦ ਕਰ ਰਹੇ ਹਨ। ਖੇਤਰ ਤੋਂ ਬਾਹਰ ਰਹਿ ਰਹੇ ਹਜ਼ਾਰਾਂ ਹੋਰ ਫ਼ਲਸਤੀਨੀ ਵੀ ਇਸ ਸਰਹੱਦੀ ਰਸਤੇ ਰਾਹੀਂ ਆਪਣੇ ਘਰ ਪਰਤਣ ਦੀ ਉਮੀਦ ਕਰ ਰਹੇ ਹਨ। ਜੰਗ ਤੋਂ ਪਹਿਲਾਂ ਰਾਫਾਹ ਗਾਜ਼ਾ ਆਉਣ-ਜਾਣ ਵਾਲੇ ਲੋਕਾਂ ਲਈ ਮੁੱਖ ਮਾਰਗ ਸੀ। ਇਸ ਖੇਤਰ ਦੇ ਕੁਝ ਹੋਰ ਮਾਰਗ ਵੀ ਹਨ, ਜੋ ਇਜ਼ਰਾਈਲ ਨਾਲ ਜੁੜਦੇ ਹਨ। ਅਕਤੂਬਰ ਵਿੱਚ ਲਾਗੂ ਹੋਏ ਜੰਗਬੰਦੀ ਸਮਝੌਤੇ ਤਹਿਤ ਇਜ਼ਰਾਇਲੀ ਫੌਜਾਂ ਦਾ ਰਾਫਾਹ ਰਸਤੇ ਅਤੇ ਉਸ ਖੇਤਰ ਦਰਮਿਆਨ ਪੈਂਦੇ ਖੇਤਰ ’ਤੇ ਕਬਜ਼ਾ ਹੈ, ਜਿੱਥੇ ਜ਼ਿਆਦਾਤਰ ਫ਼ਲਸਤੀਨੀ ਰਹਿੰਦੇ ਹਨ।

Share: