ਬਜਟ ਵਿੱਚ ਆਮ ਬੰਦੇ ਤੇ ਬੰਗਾਲ ਲਈ ਕੁਝ ਨਹੀਂ: ਮਮਤਾ

ਬਜਟ ਵਿੱਚ ਆਮ ਬੰਦੇ ਤੇ ਬੰਗਾਲ ਲਈ ਕੁਝ ਨਹੀਂ: ਮਮਤਾ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2026-27 ਦੇ ਕੇਂਦਰੀ ਬਜਟ ਨੂੰ ‘ਦਿਸ਼ਾਹੀਣ ਅਤੇ ਬਿਨਾਂ ਸੋਚ ਵਾਲਾ ਹੰਪਟੀ ਡੰਪਟੀ’ ਦੱਸਦਿਆਂ ਦਾਅਵਾ ਕੀਤਾ ਕਿ ਇਸ ਵਿੱਚ ਆਮ ਵਿਅਕਤੀ ਅਤੇ ਉਨ੍ਹਾਂ ਦੇ ਸੂਬੇ ਲਈ ਕੁਝ ਵੀ ਨਹੀਂ ਹੈ। ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਅਹਿਮ ਖੇਤਰਾਂ ਨੂੰ ਦਿੱਤੇ ਜਾਣ ਵਾਲੇ ਫੰਡ ਵਿੱਚ ਕਟੌਤੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਬਜਟ ਮਹਿਲਾ ਵਿਰੋਧੀ, ਕਿਸਾਨ ਵਿਰੋਧੀ, ਸਿੱਖਿਆ ਵਿਰੋਧੀ ਅਤੇ ਐੱਸ ਸੀ, ਐੱਸ ਟੀ ਅਤੇ ਓ ਬੀ ਸੀ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਜਟ ਦਾ ਅਸਰ ਸ਼ੇਅਰ ਬਾਜ਼ਾਰ ਦੇ ਡਿੱਗਣ ਤੋਂ ਸਪਸ਼ਟ ਨਜ਼ਰ ਆਉਂਦਾ ਹੈ।

ਬੰਗਾਲ ਲਈ ਮਾਲ ਢੁੁਆਈ, ਦੁਰਗਾਪੁਰ ਸਨਅਤੀ ਗਲਿਆਰਾ ਤੇ ਸੈਲਾਨੀ ਕੇਂਦਰਾਂ ਦੀ ਸੌਗਾਤ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਵਿੱਚ ਪੱਛਮੀ ਬੰਗਾਲ ਲਈ ਕਈ ਬੁਨਿਆਦੀ, ਲੌਜਿਸਟਿਕਸ, ਰੇਲ ਅਤੇ ਟੂਰਿਜ਼ਮ ਸਬੰਧੀ ਪਹਿਲਕਦਮੀਆਂ ਦਾ ਐਲਾਨ ਕੀਤਾ। ਇਕ ਅਹਿਮ ਐਲਾਨ ਪੱਛਮੀ ਬੰਗਾਲ ਦੇ ਦਾਲਕੁਨੀ ਤੋਂ ਗੁਜਰਾਤ ਦੇ ਸੂਰਤ ਤਕ ਨਵਾਂ ਮਾਲ ਢੁਆਈ ਗਲਿਆਰਾ ਬਣਾਉਣ ਦੀ ਤਜਵੀਜ਼ ਸੀ, ਜਿਸ ਦਾ ਉਦੇਸ਼ ਵਾਤਾਵਰਨ ਦੇ ਹਿਸਾਬ ਨਾਲ ਟਿਕਾਊ ਅਤੇ ਮਾਲ ਦੀ ਕੁਸ਼ਲ ਆਵਾਜਾਈ ਨੂੰ ਹੁੁਲਾਰਾ ਦੇਣਾ ਹੈ। ਇਸ ਦੇ ਨਾਲ ਹੀ ਕੇਂਦਰ ਨੇ ਏਕੀਕ੍ਰਿਤ ਪੂਰਬੀ ਤੱਟ ਸਨਅਤੀ ਗਲਿਆਰਾ ਬਣਾਉਣ ਦਾ ਵੀ ਐਲਾਨ ਕੀਤਾ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਕੇਂਦਰ ਦੇ ‘ਪੂਰਵੋਦਿਆ ਵਿਜ਼ਨ’ ਵਿੱਚ ਸੂਬੇ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਹੈ। ਬਜਟ ਵਿੱਚ ਪੰਜ ਪੂਰਵੋਦਿਆ ਰਾਜਾਂ ਵਿੱਚ ਪੰਜ ਸੈਲਾਨੀ ਕੇਂਦਰ ਉਸਾਰਨ ਦੀ ਵੀ ਤਜਵੀਜ਼ ਹੈ, ਜਿਸ ਨਾਲ ਪੱਛਮੀ ਬੰਗਾਲ ਵਿੱਚ ਰੁਜ਼ਗਾਰ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਮਿਲੇਗਾ।

Share: