ਬਜਟ ਵਿੱਚ ਪੱਛਮੀ ਬੰਗਾਲ ਚੋਣਾਂ ਦਾ ਖ਼ਾਸ ਖ਼ਿਆਲ ਰੱਖਿਆ

ਕੋਲਕਾਤਾ: ਕੇਂਦਰੀ ਬਜਟ ਵਿੱਚ ਜ਼ਬਰਦਸਤ ਮੁਕਾਬਲੇ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ ਹੋ ਰਹੇ ਪੱਛਮੀ ਬੰਗਾਲ ਦਾ ਖਾਸ ਧਿਆਨ ਰੱਖਿਆ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਵਿੱਚ ਪੱਛਮੀ ਬੰਗਾਲ ਲਈ ਬੁਨਿਆਦੀ ਢਾਂਚਾ, ਰੇਲ ਅਤੇ ਸੈਰ-ਸਪਾਟੇ ਨਾਲ ਸਬੰਧਤ ਕਈ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ; ਹਾਲਾਂਕਿ, ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਨੇ ਇਸ ਬਜਟ ਨੂੰ ਭਰੋਸੇਮੰਦ ਵਿੱਤੀ ਵਚਨਬੱਧਤਾ ਦੀ ਥਾਂ ਸਿਆਸੀ ਸੰਕੇਤ ਦੇਣ ਵਾਲਾ ਟੂਲ ਕਰਾਰ ਦੇ ਕੇ ਰੱਦ ਕਰ ਦਿੱਤਾ। ਸੀਤਾਰਾਮਨ ਦੇ ਨੌਵੇਂ ਕੇਂਦਰੀ ਬਜਟ ਵਿੱਚ ਪੱਛਮੀ ਬੰਗਾਲ ਦੇ ਡਾਨਕੁਨੀ ਤੋਂ ਗੁਜਰਾਤ ਦੇ ਸੂਰਤ ਤੱਕ ਨਵਾਂ ਮਾਲ ਢੋਅ-ਢੋਆਈ ਲਾਂਘਾ ਵਿਕਸਤ ਕਰਨ ਦੀ ਤਜਵੀਜ਼ ਅਹਿਮ ਹੈ। ਇਸ ਲਾਂਘੇ ਨਾਲ ਪੂਰਬੀ ਭਾਰਤ ਦੇ ਉਦਯੋਗਾਂ ਲਈ ਭੰਡਾਰਨ ਅਤੇ ਸਪਲਾਈ ਲੜੀ ਲਾਗਤ ਵਿੱਚ ਕਾਫ਼ੀ ਕਮੀ ਆਉਣ ਅਤੇ ਪੂਰਬੀ ਤੇ ਪੱਛਮੀ ਬਾਜ਼ਾਰਾਂ ਦਰਮਿਆਨ ਕੁਨੈਕਟੀਵਿਟੀ ਸੁਧਰਨ ਦੀ ਉਮੀਦ ਹੈ। ਪੱਛਮੀ ਬੰਗਾਲ ਅਗਲੇ ਕੁਝ ਮਹੀਨਿਆਂ ਵਿੱਚ ਚੋਣਾਂ ਹੋਣੀਆਂ ਹਨ। ਸੀਤਾਰਾਮਨ ਨੇ ਕਿਹਾ ਕਿ ਕੇਂਦਰ ਸਰਕਾਰ ਏਕੀਕ੍ਰਿਤ ਪੂਰਬੀ ਤੱਟ ਉਦਯੋਗਿਕ ਲਾਂਘਾ ਵਿਕਸਤ ਕਰੇਗੀ, ਜਿਸ ਵਿੱਚ ਪੱਛਮੀ ਬੰਗਾਲ ਦੇ ਅਹਿਮ ਨਿਰਮਾਣ ਕੇਂਦਰ ਦੁਰਗਾਪੁਰ ਵਿੱਚ ਸਹੂਲਤਾਂ ਨਾਲ ਲੈਸ ਸਨਅਤੀ ਕੇਂਦਰ ਹੋਵੇਗਾ। ਇਸ ਪ੍ਰਾਜੈਕਟ ਨਾਲ ਪੂਰਬੀ ਭਾਰਤ ਵਿੱਚ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਕੇਂਦਰ ਸਰਕਾਰ ਦੇ ‘ਪੁਰਵੋਦਿਆ’ ਦ੍ਰਿਸ਼ਟੀਕੋਣ ਵਿੱਚ ਸੂਬੇ ਦੀ ਭੂਮਿਕਾ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਭਾਜਪਾ ਇਨ੍ਹਾਂ ਐਲਾਨਾਂ ਨੂੰ ਚੋਣਾਂ ਤੋਂ ਪਹਿਲਾਂ ਪੂਰਬੀ ਭਾਰਤ ਵਿੱਚ ਵਿਕਾਸ ਆਧਾਰਿਤ ਸਿਆਸਤ ਦੇ ਆਪਣੇ ਬਿਰਤਾਂਤ ਨੂੰ ਮਜ਼ਬੂਤ ਕਰਨ ਵਾਲਾ ਮੰਨਦੀ ਹੈ।

Share: