ਮੁੰਬਈ: ਮੌਸਮ ਵਿਭਾਗ ਅਨੁਸਾਰ, ਅਸਾਧਾਰਨ ਤੌਰ ’ਤੇ ਗਰਮ ਜਨਵਰੀ ਤੋਂ ਬਾਅਦ ਫਰਵਰੀ ਮਹੀਨਾ ਭਾਰਤ ਵਿੱਚ ਵਧੇਰੇ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਜਿਵੇਂ ਕਣਕ, ਸਰ੍ਹੋਂ ਅਤੇ ਛੋਲਿਆਂ ਲਈ ਜੋਖ਼ਮ ਵਧ ਗਿਆ ਹੈ।
ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮਹਾਪਾਤਰਾ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਦੇਸ਼ ਦੇ ਉੱਤਰ-ਪੱਛਮੀ ਕਣਕ ਉਤਪਾਦਕ ਖੇਤਰਾਂ ਵਿੱਚ ਲੰਬੇ ਸਮੇਂ ਦੇ ਔਸਤ ਮੀਂਹ ਦੇ ਮੁਕਾਬਲੇ 78 ਫੀਸਦ ਨਾਲੋਂ ਵੀ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਫਰਵਰੀ ਮਹੀਨੇ ਦੌਰਾਨ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਔਸਤ ਨਾਲੋਂ ਉੱਪਰ ਰਹੇਗਾ। ਕਣਕ ਅਤੇ ਜੌਂ ਵਰਗੀਆਂ ਫ਼ਸਲਾਂ ਦੇ ਝਾੜ ਵਿੱਚ ਕਮੀ ਆ ਸਕਦੀ ਹੈ। ਉੱਤਰ-ਪੱਛਮੀ ਅਤੇ ਨਾਲ ਲੱਗਦੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਸੀਤ ਲਹਿਰ ਵਾਲੇ ਦਿਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ। ਭਾਰਤ ਦੇ ਉੱਤਰੀ ਰਾਜ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਅਤੇ ਮੱਧ ਭਾਰਤ ਵਿੱਚ ਮੱਧ ਪ੍ਰਦੇਸ਼, ਦੇਸ਼ ਦੇ ਸਭ ਤੋਂ ਪ੍ਰਮੁੱਖ ਕਣਕ ਉਤਪਾਦਕ ਖੇਤਰ ਹਨ। ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਣਕ, ਸਰ੍ਹੋਂ ਅਤੇ ਛੋਲੇ ਅਕਤੂਬਰ ਤੋਂ ਦਸੰਬਰ ਤੱਕ ਬੀਜੀਆਂ ਜਾਂਦੀਆਂ ਹਨ। ਇਨ੍ਹਾਂ ਫ਼ਸਲਾਂ ਨੂੰ ਵਧੀਆ ਝਾੜ ਦੇਣ ਲਈ ਆਪਣੇ ਵਾਧੇ ਅਤੇ ਪੱਕਣ ਦੇ ਪੜਾਵਾਂ ਦੌਰਾਨ ਠੰਢੇ ਮੌਸਮ ਦੀ ਲੋੜ ਹੁੰਦੀ ਹੈ। ਮੌਸਮ ਵਿਭਾਗ ਦੇ ਮੁਖੀ ਮਹਾਪਾਤਰਾ ਨੇ ਦੱਸਿਆ ਕਿ ਜਨਵਰੀ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਔਸਤ ਨਾਲੋਂ ਉੱਪਰ ਰਿਹਾ, ਕਿਉਂਕਿ ਦੇਸ਼ ਵਿੱਚ ਔਸਤ ਨਾਲੋਂ 31.5 ਫੀਸਦ ਘੱਟ ਬਾਰਿਸ਼ ਦਰਜ ਕੀਤੀ ਗਈ। ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 23 ਜਨਵਰੀ ਤੱਕ ਭਾਰਤੀ ਕਿਸਾਨਾਂ ਨੇ ਰਿਕਾਰਡ ਰਕਬੇ ’ਤੇ ਬਿਜਾਈ ਕੀਤੀ ਹੈ। ਰਿਕਾਰਡ ਮੁਤਾਬਕ, 3.34 ਕਰੋੜ ਹੈਕਟੇਅਰ ਰਕਬੇ ਵਿੱਚ ਕਣਕ ਜਦਕਿ 89.4 ਲੱਖ ਹੈਕਟੇਅਰ ਰਕਬੇ ’ਚ ਸਰ੍ਹੋਂ ਬੀਜੀ ਗਈ ਹੈ। ਮੁੰਬਈ ਸਥਿਤ ਗਲੋਬਲ ਟਰੇਡ ਹਾਊਸ ਦੇ ਡੀਲਰ ਨੇ ਕਿਹਾ, ‘‘ਫਰਵਰੀ ਮਹੀਨੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਨਾਲ ਝਾੜ ਵਿੱਚ ਕਮੀ ਆਵੇਗੀ।’’