Bomb Threat: ਚੰਡੀਗੜ੍ਹ ਅਤੇ ਗੁਰੂਗ੍ਰਾਮ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਜਾਰੀ

Bomb Threat: ਚੰਡੀਗੜ੍ਹ ਅਤੇ ਗੁਰੂਗ੍ਰਾਮ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਜਾਰੀ

ਚੰਡੀਗਡ਼੍ਹ/ਗੁਰੂਗ੍ਰਾਮ: ਚੰਡੀਗੜ੍ਹ ਅਤੇ ਗੁਰੂਗ੍ਰਾਮ ਵਿੱਚ ਬੁੱਧਵਾਰ ਸਵੇਰੇ ਉਸ ਸਮੇਂ ਸਹਿਮ ਪੈਦਾ ਹੋ ਗਿਆ ਜਦੋਂ ਇੱਥੋਂ ਦੇ ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਖਬਰ ਸਾਹਮਣੇ ਆਉਣ ਤੋਂ ਬਾਅਦ ਬੱਚਿਆਂ ਦੇ ਮਾਪੇ ਚੰਡੀਗੜ੍ਹ ਦੇ ਸਕੂਲਾਂ ਦ ਬਾਹਰ ਪੁੱਜ ਗਏ ਹਨ। ਚੰਡੀਗੜ੍ਹ ਦੇ ਦੋ ਦਰਜਨ ਸਕੂਲਾਂ ਨੂੰ ਬੰਬ ਦੀ ਧਮਕੀ ਕਾਰਨ ਚੰਡੀਗੜ੍ਹ ਦੇ 90 ਫੀਸਦੀ ਤੋਂ ਵੱਧ ਸਕੂਲ ਖਾਲੀ ਕਰਵਾ ਲਏ ਗਏ ਹਨ ਤੇ ਕਈ ਸਕੂਲਾਂ ਨੇ ਸਕੂਲ ਆ ਰਹੇ ਬੱਚਿਆਂ ਦੀਆਂ ਬੱਸਾਂ ਵੀ ਯੂਟਰਨ ਕਰਵਾ ਦਿੱਤੀਆਂ ਤੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਾਖਲ ਨਹੀਂ ਹੋਣ ਦਿੱਤਾ।

ਇਨ੍ਹਾਂ ਸਕੂਲਾਂ ਵਿਚ ਜਿਹੜੇ ਬੱਚੇ ਦਾਖਲ ਹੋ ਚੁੱਕੇ ਸਨ ਉਨ੍ਹਾਂ ਨੂੰ ਖੁੱਲ੍ਹੇ ਮੈਦਾਨ ਵਿਚ ਬਿਠਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਮਾਪਿਆਂ ਨੂੰ ਛੁੱਟੀ ਹੋਣ ਦਾ ਸੰਦੇਸ਼ ਭੇਜ ਕੇ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਲਿਜਾਣ ਲਈ ਕਿਹਾ ਗਿਆ ਹੈ। ਸਾਵਧਾਨੀ ਵਜੋਂ ਸਕੂਲਾਂ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਕੰਪਲੈਕਸਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਜਾ ਰਹੀ ਹੈ। ਚੰਡੀਗੜ੍ਹ ਦੇ ਸੈਕਟਰ-25 ਸਥਿਤ ਚਿਤਕਾਰਾ ਇੰਟਰਨੈਸ਼ਨਲ ਸਕੂਲ, ਸੇਕਟਰ-16 ਮਾਡਲ ਸਕੂਲ, ਸੇਕਟਰ-45 ਸੇਂਟ ਸਟੀਫਨ ਸਕੂਲ, ਸੇਕਟਰ-35 ਮਾਡਲ ਸਕੂਲ ਅਤੇ ਸੇਕਟਰ-19 ਦਾ ਮਾਡਲ ਸਕੂਲ ਧਮਕੀ ਮਿਲੀ ਹੈ। ਧਮਕੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਕ ਕਈ ਸਕੂਲਾਂ ਵੱਲੋਂ ਛੁੱਟੀ ਘੋਸ਼ਿਤ ਕੀਤੀ ਗਈ ਹੈ।

ਤੱਥਾਂ ਨੂੰ ਵਾਚੋ ਤੇ ਇਕਦਮ ਛੁੱਟੀ ਨਾ ਕਰੋ: ਡਾਇਰੈਕਟਰ ਸਕੂਲ ਐਜੂਕੇਸ਼ਨ

ਯੂਟੀ ਦੇ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਕਿ ਸਾਰੇ ਸਕੂਲ ਮੁਖੀ ਤੇ ਅਧਿਆਪਕ ਸ਼ਾਂਤ ਚਿਤ ਰਹਿਣ ਤੇ ਹਫੜਾ ਦਫੜੀ ਵਾਲਾ ਮਾਹੌਲ ਨਾ ਸਿਰਜਣ। ਡਾਇਰੈਕਟਰ ਸਕੂਲ ਐਜੂਕੇਸ਼ਨ ਨਿਤਿਸ਼ ਸਿੰਗਲਾ ਨੇ ਕਿਹਾ ਕਿ ਧਮਕੀ ਭਰੀ ਈਮੇਲ ਆਉਣ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤੇ ਨਿਯਮਾਂ ਅਨੁਸਾਰ ਫੈਸਲਾ ਲਿਆ ਜਾਵੇ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਇਕਦਮ ਛੁੱਟੀ ਨਾ ਐਲਾਨਣ ਜਿਸ ਕਾਰਨ ਬੱਚਿਆਂ ਤੇ ਮਾਪਿਆਂ ਵਿਚ ਸਹਿਮ ਨਾਲ ਭਗਦੜ ਮਚਣ ਦੀ ਵੀ ਸੰਭਾਵਨਾ ਬਣ ਸਕਦੀ ਹੈ।

ਇਸ ਕਰ ਕੇ ਸਕੂਲ ਚੌਕਸ ਰਹਿਣ ਤੇ ਵਿਦਿਅਕ ਗਤੀਵਿਧੀਆਂ ਜਾਰੀ ਰੱਖਣ। ਦੂਜੇ ਪਾਸੇ ਸਕੂਲਾਂ ਦੇ ਅਧਿਆਪਕਾਂ ਨੇ ਇਨ੍ਹਾਂ ਹੁਕਮਾਂ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਵੇਲੇ ਆਪਣੀ ਜਾਨ ਤੇ ਬੱਚਿਆਂ ਨੂੰ ਦੇਖਣ ਕਿ ਪੜ੍ਹਾਈ ਕਰਵਾਉਣ। ਅਜਿਹੇ ਮਾਹੌਲ ਵਿਚ ਸਕੂਲਾਂ ਨੂੰ ਛੁੱਟੀ ਕਰਨੀ ਹੀ ਬਿਹਤਰ ਹੈ ਤੇ ਕੋਈ ਵੀ ਅਧਿਆਪਕ ਸਕੂਲ ਅੰਦਰ ਜਾਣ ਦੀ ਹਿੰਮਤ ਨਹੀਂ ਕਰ ਰਿਹਾ।

ਛੁੱਟੀ ਨਾ ਹੋਣ ਕਾਰਨ ਚੰਡੀਗੜ੍ਹ ’ਚ ਸਕੂਲਾਂ ਦੇ ਬਾਹਰ ਮਾਪਿਆਂ ਦਾ ਹੰਗਾਮਾ; ਹਫੜਾ-ਦਫੜੀ ਵਾਲਾ ਮਾਹੌਲ

ਚੰਡੀਗੜ੍ਹ ਦੇ ਕਈ ਸਕੂਲਾਂ ਵਿਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜ਼ਿਆਦਾਤਰ ਸਕੂਲਾਂ ਨੇ ਛੁੱਟੀ ਐਲਾਨ ਦਿੱਤੀ ਪਰ ਸਿੱਖਿਆ ਵਿਭਾਗ ਦੇ ਹੁਕਮਾਂ ਤੋਂ ਬਾਅਦ ਕਈ ਸਕੂਲ ਆਮ ਵਾਂਗ ਖੁੱਲ੍ਹੇ ਰਹੇ। ਪਰ ਜੋ ਸਕੂਲ ਖੁੱਲ੍ਹੇ ਸਨ, ਉਨ੍ਹਾਂ ਦੇ ਬਾਹਰ ਵੱਡੀ ਗਿਣਤੀ ਮਾਪੇ ਪੁੱਜ ਗਏ ਤੇ ਛੁੱਟੀ ਨਾ ਕਰਨ ’ਤੇ ਹੰਗਾਮਾ ਕਰ ਦਿੱਤਾ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਭਵਨ ਵਿਦਿਆਲਿਆ ਸਕੂਲ ਸੈਕਟਰ-27 ਵਿਚ ਤਾਂ ਛੁੱਟੀ ਕਰ ਦਿੱਤੀ ਗਈ ਪਰ ਭਵਨ ਵਿਦਿਆਲਿਆ ਸੈਕਟਰ-33 ਖੁੱਲ੍ਹਾ ਰਿਹਾ ਜਿਸ ਕਾਰਨ ਪੰਜਾਹ ਤੋਂ ਵੱਧ ਬੱਚਿਆਂ ਦੇ ਮਾਪੇ ਸਕੂਲ ਪੁੱਜ ਗਏ ਤੇ ਹੰਗਾਮਾ ਕੀਤਾ। ਇਸ ਉਪਰੰਤ ਬਾਅਦ ਸਕੂਲ ਨੇ ਇਨ੍ਹਾਂ ਮਾਪਿਆਂ ਦੇ ਬੱਚਿਆਂ ਨੂੰ ਤਾਂ ਘਰ ਭੇਜ ਦਿੱਤਾ ਪਰ ਬਾਕੀ ਦੇ ਬੱਚਿਆਂ ਦੀਆਂ ਜਮਾਤਾਂ ਜਾਰੀ ਹਨ। ਦੂਜੇ ਪਾਸੇ ਅਧਿਆਪਕਾਂ ਨੇ ਕਿਹਾ ਕਿ ਹਰ ਇਕ ਅਧਿਆਪਕ ਨੂੰ ਸੌ-ਸੌ ਫੋਨ ਆ ਚੁੱਕੇ ਹਨ ਅਤੇ ਉਹ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰੱਥ ਹਨ।

ਉਧਰ ਗੁਰੂਗ੍ਰਾਮ ਵਿੱਚ ਧਮਕੀ ਮਿਲਣ ਵਾਲੇ ਸਕੂਲਾਂ ਵਿੱਚ ਡੀ.ਐਲ.ਐਫ. ਫੇਜ਼-1 ਸਥਿਤ ਕੁੰਸਕਾਪਾਲਨ ਸਕੂਲ, ਸੈਕਟਰ-53 ਦਾ ਲਾਂਸਰ ਸਕੂਲ, ਸੈਕਟਰ-64 ਸਥਿਤ ਹੈਰੀਟੇਜ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ ਅਤੇ ਬਾਦਸ਼ਾਹਪੁਰ ਦਾ ਪਾਥਵੇਜ਼ ਵਰਲਡ ਸਕੂਲ ਸ਼ਾਮਲ ਹਨ। ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਸਬੰਧਤ ਥਾਣਾ ਪੁਲੀਸ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚੇ ਅਤੇ ਸਾਰੇ ਸਕੂਲ ਕੰਪਲੈਕਸਾਂ ਵਿੱਚ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (SOP) ਲਾਗੂ ਕਰ ਦਿੱਤੇ ਗਏ।

ਇਸ ਤੋਂ ਇਲਾਵਾ ਐਸ.ਡੀ.ਆਰ.ਐਫ. ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ, ਜੋ ਜਾਂਚ ਵਿੱਚ ਸਰਗਰਮੀ ਨਾਲ ਸਹਿਯੋਗ ਕਰ ਰਹੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਫਿਲਹਾਲ ਕਿਸੇ ਵੀ ਸਕੂਲ ਕੰਪਲੈਕਸ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ, ਪਰ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਜਾਰੀ ਹੈ।

ਈ-ਮੇਲ ਭੇਜਣ ਵਾਲੇ ਦੀ ਪਛਾਣ ਅਤੇ ਧਮਕੀ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਾਈਬਰ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

Share: