ਬਟੋਟੇੇ/ਡੋਡਾ: ਜੰਮੂ ਡਿਵੀਜ਼ਨ ਦੇ ਡੋਡਾ ਜ਼ਿਲ੍ਹੇ ਦੇ ਭਾਲੇਸਾ ਖੇਤਰ ਵਿੱਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਦੂਜੇ ਦਿਨ ਭਾਰੀ ਬਰਫ਼ਬਾਰੀ ਜਾਰੀ ਹੈ। ਬਰਫ਼ਬਾਰੀ ਕਾਰਨ ਸੜਕਾਂ ਬੰਦ ਹੋ ਗਈਆਂ ਤੇ ਆਵਾਜਾਈ ’ਤੇ ਅਸਰ ਪਿਆ। ਸਥਾਨਕ ਲੋਕਾਂ ਨੂੰ ਸੁਰੱਖਿਆ ਸਾਵਧਾਨੀ ਵਜੋਂ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਈ ਥਾਵਾਂ ’ਤੇ ਤਾਪਮਾਨ ਮਨਫੀ ਦਰਜੇ ਨੂੰ ਪਹੁੰਚ ਗਿਆ ਹੈ। ਮੈਦਾਨਾਂ ਵਿੱਚ ਲਗਪਗ ਇੱਕ ਫੁੱਟ ਬਰਫ਼ਬਾਰੀ ਦਰਜ ਕੀਤੀ ਗਈ ਹੈ, ਜਦੋਂ ਕਿ ਉੱਪਰਲੇ ਪਹਾੜੀ ਖੇਤਰਾਂ ਵਿੱਚ ਲਗਪਗ ਦੋ ਤੋਂ ਤਿੰਨ ਫੁੱਟ ਬਰਫ਼ਬਾਰੀ ਹੋਈ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ਸਮੇਤ ਸਾਰੀਆਂ ਜ਼ਰੂਰੀ ਸੇਵਾਵਾਂ ਠੱਪ ਹਨ। ਜ਼ਮੀਨ ਖਿਸਕਣ, ਦਰੱਖਤ ਡਿੱਗਣ ਅਤੇ ਭਾਰੀ ਬਰਫ਼ ਜਮ੍ਹਾਂ ਹੋਣ ਕਾਰਨ ਹਾਈਵੇਅ ਅਤੇ ਲਿੰਕ ਸੜਕਾਂ ਸਮੇਤ ਹੋਰ ਸੜਕਾਂ ਬੰਦ ਹਨ। ਖੇਤਰ ਵਿੱਚ ਹਾਲਾਤ ਸੁਧਰਨ ਤੱਕ ਸਿਰਫ਼ ਐਮਰਜੈਂਸੀ ਸੇਵਾਵਾਂ ਦੀ ਖੁੱਲ੍ਹ ਹੈ।
ਇਸ ਦੌਰਾਨ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ (NH44) ਫਿਸਲਣ ਕਾਰਨ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ। ਜੰਮੂ ਦੇ ਮਸ਼ਹੂਰ ਪਹਾੜੀ ਰਿਜ਼ੌਰਟਾਂ- ਪਟਨੀਟੌਪ, ਨਥਾਟੌਪ, ਸਨਾਸਰ ਅਤੇ ਬਟੋਟ, ਬਨਿਹਾਲ, ਗੂਲ ਅਤੇ ਹੋਰ ਥਾਵਾਂ ’ਤੇ ਸ਼ਨਿੱਚਰਵਾਰ ਨੂੰ ਲਗਾਤਾਰ ਦੂਜੀ ਰਾਤ ਬਰਫ਼ਬਾਰੀ ਹੋਈ, ਜਿਸ ਕਰਕੇ ਇਨ੍ਹਾਂ ਖੇਤਰਾਂ ਵਿੱਚ ਜਨਜੀਵਨ ਠੱਪ ਹੋ ਗਿਆ। ਹਾਲਾਂਕਿ ਅੱਜ ਸਵੇਰੇ ਧੁੱਪ ਨਿਕਲੀ, ਜੋ ਬਿਜਲੀ ਅਤੇ ਪਾਣੀ ਦੀ ਸਪਲਾਈ ਦੇ ਨਾਲ-ਨਾਲ ਆਵਾਜਾਈ ਨੂੰ ਬਹਾਲ ਕਰਨ ਵਿੱਚ ਮਦਦਗਾਰ ਹੋਵੇਗੀ। ਕੌਮੀ ਸ਼ਾਹਰਾਹ ਤੇ ਹੋਰ ਰਸਤੇ ਬੰਦ ਹੋਣ ਕਰਕੇ ਰਾਮਬਨ ਜ਼ਿਲ੍ਹੇ ਦੇ ਬਟੋਟ ਬਾਜ਼ਾਰ ਵਿੱਚ ਅੱਜ ਕੁਝ ਦੁਕਾਨਦਾਰਾਂ ਨੇ ਲਗਾਤਾਰ ਦੂਜੇ ਦਿਨ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਬਟੋਟ, ਬਨੀਹਾਲ, ਗੂਲ, ਉਖਰਾਲ ਅਤੇ ਰਾਜਗੜ੍ਹ ਵਰਗੀਆਂ ਦੂਰ-ਦੁਰਾਡੇ ਤਹਿਸੀਲਾਂ ਦਾ ਅੱਜ ਦੂਜੇ ਦਿਨ ਵੀ ਰਾਮਬਨ ਜ਼ਿਲ੍ਹਾ ਹੈੱਡਕੁਆਰਟਰ ਤੋਂ ਸੰਪਰਕ ਟੁੱਟਿਆ ਹੋਇਆ ਹੈ। ਭਾਰੀ ਮੀਂਹ ਅਤੇ ਬਰਫ਼ਬਾਰੀ ਕਾਰਨ ਸ਼ੁੱਕਰਵਾਰ ਨੂੰ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ (NH-44) ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਊਧਮਪੁਰ ਦੇ ਜਖਾਨੀ ਚੌਕ ’ਤੇ ਵੀ ਆਵਾਜਾਈ ਠੱਪ ਹੋ ਗਈ ਸੀ।
ਸ੍ਰੀਨਗਰ ਤੋਂ ਹਵਾਈ ਉਡਾਣਾਂ ਮੁੜ ਸ਼ੁੁਰੂ
ਭਾਰੀ ਬਰਫ਼ਬਾਰੀ ਕਰਕੇ ਸ੍ਰੀਨਗਰ ਹਵਾਈ ਅੱਡੇ ਤੋਂ ਮੁਅੱਤਲ ਉਡਾਣਾਂ ਅੱਜ ਮੁੜ ਸ਼ੁਰੂ ਹੋ ਗਈਆਂ। ਭਾਰਤੀ ਹਵਾਈ ਅੱਡਾ ਅਥਾਰਟੀ ਨੇ ਬੀ.ਆਰ.ਓ. ਨਾਲ ਨੇੜਿਓਂ ਤਾਲਮੇਲ ਕਰਕੇ, ਮੌਸਮ ਵਿੱਚ ਸੁਧਾਰ ਤੋਂ ਬਾਅਦ ਰਨਵੇਅ ਨੂੰ ਕਾਰਜਸ਼ੀਲ ਬਣਾਉਣ ਲਈ ਸ਼ਨਿੱਚਰਵਾਰ ਸਵੇਰੇ ਐਪਰਨ ਅਤੇ ਟੈਕਸੀਵੇਅ ਨੂੰ ਸਫਲਤਾਪੂਰਵਕ ਸਾਫ਼ ਕਰ ਦਿੱਤਾ। ਸ਼ੁੱਕਰਵਾਰ ਨੂੰ ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ ਕਾਰਨ ਰਨਵੇਅ ’ਤੇ ਬਰਫ਼ ਜਮ੍ਹਾਂ ਹੋਣ ਕਾਰਨ ਹਵਾਈ ਅੱਡੇ ’ਤੇ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਸ੍ਰੀਨਗਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ, ‘ਹਵਾਈ ਅੱਡੇ ’ਤੇ ਉਡਾਣ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ ਕਿਉਂਕਿ ਇੱਕ ਉਡਾਣ ਹੁਣੇ ਹੀ ਐਰੋਡ੍ਰੌਮ ’ਤੇ ਉਤਰੀ ਹੈ।’ ਹਾਲਾਂਕਿ ਖਰਾਬ ਮੌਸਮ ਕਾਰਨ ਅੱਜ ਸਵੇਰੇ ਇੰਡੀਗੋ ਦੀ ਇੱਕ ਉਡਾਣ ਰੱਦ ਕਰ ਦਿੱਤੀ ਗਈ ਸੀ, ਜਦੋਂ ਕਿ ਦਿੱਲੀ ਵਿਖੇ NOTAM (ਪਾਇਲਟਾਂ ਨੂੰ ਉਡਾਣ ਸੁਰੱਖਿਆ ਬਾਰੇ ਜ਼ਰੂਰੀ ਜਾਣਕਾਰੀ ਦੇਣ ਵਾਲੇ ਏਅਰਮੈਨ ਨੂੰ ਨੋਟਿਸ) ਕਾਰਨ ਕੁਝ ਹੋਰ ਰੱਦ ਕਰ ਦਿੱਤੀਆਂ ਗਈਆਂ ਸਨ।

